ਕੀ ਹੁੰਦਾ ਹੈ ਕੁੱਲੀਆਂ, ਝੁੱਗੀਆਂ, ਝਾਨਾਂ ਨਾਲ।

ਕੀ ਹੁੰਦਾ ਹੈ ਕੁੱਲੀਆਂ, ਝੁੱਗੀਆਂ, ਝਾਨਾਂ ਨਾਲ।
ਭਾਂਬੜ ਰਲ ਜਾਂਦਾ ਹੈ ਜਦ ਤੂਫ਼ਾਨਾਂ ਨਾਲ।

ਗ਼ਜ਼ਲਾਂ, ਦੋਹੇ, ਕਵਿਤਾ, ਕਾਫ਼ੀ, ਚੌਮਿਸਰੇ,
ਕੀ ਕੀ ਬਣ ਜਾਂਦਾ ਹੈ ਸੋਚ-ਉਡਾਨਾਂ ਨਾਲ।

ਕੀ ਨਹੀਂ ਹੁੰਦਾ, ਫ਼ਾਂਸੀ ਵੀ ਹੋ ਸਕਦੀ ਹੈ,
ਇਕ ਸੱਚੇ ਨੂੰ ਤੇਰੇ ਝੂਠ ਬਿਆਨਾਂ ਨਾਲ।

ਇਹ ਵੱਡੇ ਹੁੰਦੇ ਨੇ ਚੰਗਿਆਂ ਲੋਕਾਂ ਨਾਲ,
ਸ਼ਹਿਰ ਬੜੇ ਨਹੀਂ ਹੁੰਦੇ, ਬੜੇ ਮਕਾਨਾਂ ਨਾਲ।

ਛੱਡ ਗਿਆ ਜ਼ਿੱਦ ਉਹ ਵੀ ਤਾਰੇ ਮੰਗਣ ਦੀ,
ਮੈਂ ਵੀ ਲੜਨਾ ਛੱਡ ਦਿੱਤਾ ਅਸਮਾਨਾਂ ਨਾਲ।

ਤਕੜਾ ਸੌ ਸੌ ਜਿਣਸ ਬਣਾਵੇ ਖਾਣ ਲਈ,
ਮਾੜਾ ਢਿੱਡ ਭਰ ਲੈਂਦੈ, ਸੁੱਕੇ ਨਾਨਾਂ ਨਾਲ।

ਭਾਵੇਂ ਤਿਗੜਮਬਾਜ਼ੀ ਵਸ ਦੀ ਬਾਤ ਨਹੀਂ,
ਪਰ ਲੋਕਾਂ ਦੇ ਦਿਲ ਜਿੱਤੇ ਨੇ ਸ਼ਾਨਾਂ ਨਾਲ।

ਆਂਚ ਨਾ ਆਵਣ ਦਿੱਤੀ ਨੇਕ ਹਿਆਤੀ 'ਤੇ,
ਸਾਰੀ ਉਮਰ ਰਿਹਾ ਬਹਿੰਦਾ ਸ਼ੈਤਾਨਾਂ ਨਾਲ।

ਖੁੱਲ-ਦਿਲੀ ਦੀ ਹੱਟੀ ਜਿੱਥੇ ਮਰਜ਼ੀ ਖੋਲ੍ਹ,
ਬਣ ਜਾਣੈਂ ਇਕ ਦਿਨ ਬਾਜ਼ਾਰ ਦੁਕਾਨਾਂ ਨਾਲ।

ਚੜ੍ਹ ਨਾ ਸਕਿਆ ਉਹ ਮਕਸਦ ਦੀ ਟੀਸੀ ਤੇ,
ਸਾਰਾ ਜੀਵਨ ਘੁਲਦਾ ਰਿਹਾ ਢਲਾਨਾਂ ਨਾਲ।

ਕਾਰੋਬਾਰੀ ਬੰਦੇ ਕਸਮਾਂ ਖਾ ਖਾ ਕੇ,
ਲੁੱਕਣ-ਮੀਟੀ ਖੇਢਣ ਰੋਜ਼ ਕੁਰਆਨਾਂ ਨਾਲ।

ਪੱਲੇ ਕੱਖ ਨਹੀਂ ਛੱਡਿਆ ਵੱਧ ਕੀ ਆਖਾਂ,
ਸਭ ਕੁੱਝ ਲੁੱਟ ਲਿਆ ਉਸ ਨੇ ਮੁਸਕਾਨਾਂ ਨਾਲ।

ਕਿਉਂ ਲਿਖਤਾਂ-ਪੜ੍ਹਤਾਂ ਦੇ ਵਿਚ ਪੈ ਚੱਲਿਆ ਏਂ,
ਦਿਲ ਦੇ ਸੌਦੇ ਹੁੰਦੇ ਸਦਾ ਜ਼ੁਬਾਨਾਂ ਨਾਲ।

ਰੋਜ਼ ਨਵੇਂ ਹਥਿਆਰ ਬਣਾਉਂਦੇ ਨੇ ਵੱਡੇ,
ਛੋਟੇ ਮੁਲਕਾਂ ਵਿਚ ਖੇਡਣ ਨੂੰ ਜਾਨਾਂ ਨਾਲ।

ਸ਼ੈਆਂ ਵਾਰੀ ਕਸਮਾਂ ਖਾ ਕੇ ਆਉਣ ਦੀਆਂ,
ਖੇਡ ਰਹੇ ਨੇ ਕਿੰਨੇ ਲੋਕ ਈਮਾਨਾਂ ਨਾਲ।

ਛੋਟਾ-ਮੋਟਾ ਸਮਝ ਨਾ 'ਨੂਰ ਮੁਹੰਮਦ' ਨੂੰ,
ਅੱਜ-ਕੱਲ ਖਹਿੰਦੈ ਗ਼ਜ਼ਲ ਦਿਆਂ ਸੁਲਤਾਨਾਂ ਨਾਲ।