ਮੈਂ ਵੀ ਇਕਵੰਜਾ ਦਾ ਹੋਇਆ ਉਹ ਵੀ ਢੁਕੀ ਛਿਆਲੀ ਨੂੰ

ਮੈਂ ਵੀ ਇਕਵੰਜਾ ਦਾ ਹੋਇਆ ਉਹ ਵੀ ਢੁਕੀ ਛਿਆਲੀ ਨੂੰ।
ਪੰਝੀ ਵਰ੍ਹਿਆਂ ਤੋਂ ਵੱਧ ਹੋਏ ਗਲ ਵਿਚ ਪਈ ਪੰਜਾਲੀ ਨੂੰ।

ਇਸ ਵਾਰੀ ਵੀ ਸਰਕਾਰਾਂ ਦੇ ਵਾਅਦੇ ਪੂਰੇ ਹੋਏ ਨਾ,
ਇਸ ਵਾਰੀ ਵੀ ਰਾਸ਼ਨ-ਪਾਣੀ ਲਿਆ ਉਧਾਰ ਦੀਵਾਲੀ ਨੂੰ।

ਇਸ ਵਾਰੀ ਵੀ ਲਛਮੀ ਸਾਡੇ ਘਰ ਦੇ ਪਿੱਛਿਉਂ ਲੰਘ ਗਈ,
ਲਾਰੇ ਲਾ ਕੇ ਖ਼ੁਸ਼ ਕੀਤਾ ਇਸ ਵਾਰੀ ਵੀ ਘਰ ਵਾਲੀ ਨੂੰ।

ਚੰਗਾ ਕੀਤਾ ਅੱਥਰੂਆਂ ਨੇ ਪਾਣੀ ਦੇ ਕੇ ਲੋੜਾਂ ਨੂੰ,
ਤਰਸ ਗਏ ਸਨ ਦਿਲ ਦੇ ਢੱਗੇ ਔੜਾਂ ਵਿਚ ਜੁਗਾਲੀ ਨੂੰ।

ਫ਼ੈਲ ਗਿਆ ਜ਼ਹਿਰੀ ਪ੍ਰਦੂਸ਼ਣ ਭਾਵੇਂ ਵਿਚ ਖ਼ਲਾਵਾਂ ਦੇ,
ਜੱਟ ਨੇ ਖੱਤੇ ਵਿਹਲੇ ਕੀਤੇ ਲਾ ਕੇ ਅੱਗ ਪਰਾਲੀ ਨੂੰ।

ਮੌਸਮ ਵਾਲੇ ਦੇ ਦੇਵਣ ਸੂਹ ਪਹਿਲਾਂ ਹੀ ਬਰਸਾਤਾਂ ਦੀ।
ਅਜ-ਕੱਲ੍ਹ ਬੱਚੇ ਚੇਤੇ ਕਰਦੇ 'ਹਾਲੀ ਨੂੰ ਨਾ ਪਾਲੀ' ਨੂੰ।

ਗਾਥਾ ਗੁੰਝਲਦਾਰ ਬਣਾਈ ਸਾਇੰਸ ਦੀਆਂ ਈਜਾਦਾਂ ਨੇ,
ਪੱਕੇ ਆਸ਼ਿਕ ਹੁਣ ਨਾ ਵਰਤਣ ਨਜ਼ਰਾਂ ਦੀ ਦੋਨਾਲੀ ਨੂੰ।

ਕਿਹੜਾ ਪੱਜ ਬਣਾ ਕੇ ਮੋੜਾਂ ਰੱਬ ਨੇ ਇਕ ਦਿਲ ਦਿੱਤਾ ਹੈ,
ਆਸ ਲਗਾ ਕੇ ਦਰ 'ਤੇ ਮੰਗਣ ਬੈਠੇ ਰੂਪ ਸਵਾਲੀ ਨੂੰ।

ਕੋਈ ਚੰਗਾ ਸ਼ਿਅਰ ਸੁਣਾ ਕੇ 'ਨੂਰ' ਕਦੇ ਤਾਂ ਪੂਰੀ ਪਾ,
ਦੁਨੀਆਂ ਮੰਨੇ ਮੋਨਾਲੀਜ਼ਾ ਦੀ ਤਸਵੀਰ ਖ਼ਿਆਲੀ ਨੂੰ।