ਮਜ਼ਲੂਮਾਂ ਦੀ ਰੋਟੀ ਖੋਹਕੇ ਜ਼ੁਲਮ ਘਨੇਰੇ ਕਰਦੇ ਨੇ

ਮਜ਼ਲੂਮਾਂ ਦੀ ਰੋਟੀ ਖੋਹਕੇ ਜ਼ੁਲਮ ਘਨੇਰੇ ਕਰਦੇ ਨੇ।
ਇਹ ਸਭ ਗੱਲਾਂ ਊਚੀ ਦਿੱਖ ਦੇ ਚੰਗੇ-ਚੇਰੇ ਕਰਦੇ ਨੇ।

ਦਿਲ ਦੀ ਬਾਤ ਬੁਰੀ ਲੱਗੀ ਤਾਂ ਚੁੰਨੀ ਚੁੱਕ 'ਜ਼ਮੀਰ' ਤੁਰੀ,
ਲੋਕ ਕਿਵੇਂ ਭੈੜੇ ਕੰਮਾਂ ਨੂੰ ਸ਼ਾਮ-ਸਵੇਰੇ ਕਰਦੇ ਨੇ।

ਜੋਗੀ ਨੂੰ ਨਈਂ ਜਾਣਾ ਪੈਂਦਾ ਪਿੰਡ ਵਿਚ ਅਲਖ ਜਗਾਣ ਲਈ,
ਅਜ-ਕੱਲ੍ਹ ਉਹ ਵੀ ਕੰਮ ਗਜ਼ਾ ਦੇ ਬਹਿਕੇ ਡੇਰੇ ਕਰਦੇ ਨੇ।

ਉਹਦੀ ਖੋਹੀ ਤੈਨੂੰ ਦਿੱਤੀ ਜਾਂ ਫਿਰ ਆਪੇ ਡੱਫ਼ ਲਈ,
ਲੰਬੀਆਂ ਲੰਬੀਆਂ ਬਾਹਾਂ ਵਾਲੇ ਕੰਮ ਵਧੇਰੇ ਕਰਦੇ ਨੇ।

ਉਸ ਦੀ ਸੁੰਦਰਤਾ ਨੂੰ ਤੱਕਾਂ ਜਾਂ ਉਸ ਦੀ ਤਾਰੀਫ਼ ਕਰਾਂ,
ਵਕਤ ਪਏ ਜੋ ਆ ਕੇ ਮੈਨੂੰ ਮੇਰੇ ਮੇਰੇ ਕਰਦੇ ਨੇ।

ਉਸ ਦੀ ਆਦਤ ਇਨਸਾਨਾਂ ਦੇ ਨਾਲ ਕਿਵੇਂ ਮਿਲ ਸਕਦੀ ਏ,
ਬੜ੍ਹਕਾਂ ਵਾਲੇ ਕੰਮ ਤਾਂ ਬੱਛੇ ਅਤੇ ਬਛੇਰੇ ਕਰਦੇ ਨੇ।

ਔੜਾਂ ਦੇ ਦਿਨ ਦੇਖੇ ਹੁੰਦੇ ਇਹ ਗੱਲਾਂ ਨਾ ਕਹਿੰਦਾ ਤੂੰ,
'ਧਰਤੀ ਦੇ ਉੱਤੇ ਹਰਿਆਲੀ ਬੀਜ ਖਲੇਰੇ ਕਰਦੇ ਨੇ'।

ਲਗਦੈ ਬੰਦਾ ਵੀ ਧਰਤੀ 'ਤੇ ਉਂਜ ਹੀ ਜੂਨਾਂ ਭੁਗਤ ਰਿਹਾ,
ਜਿਉਂ ਭੰਵਰ ਵਿਚ ਡਿੱਗੇ ਤੀਲੇ ਘੁੰਮ–ਘੁਮੇਰੇ ਕਰਦੇ ਨੇ।

ਕੋਈ ਕੋਈ ਬੰਦਾ ਰੱਖਦੈ ਜਾਂਚ ਦਿਲਾਂ ਨੂੰ ਜੋੜਣ ਦੀ,
ਪਾੜੇ ਪਾਵਣ ਵਾਲਾ ਧੰਦਾ ਲੋਕ ਵਧੇਰੇ ਕਰਦੇ ਨੇ।

'ਨੂਰ ਮੁਹੰਮਦਾ' ਇਕ ਦਿਨ ਇਹ ਢੇਰੀ ਦੇ ਥੱਲੇ ਹੋਵਣਗੇ,
ਜਿਹੜੇ ਅੱਜ ਧਰਤੀ 'ਤੇ ਫਿਰਦੇ ਮੇਰੇ ਤੇਰੇ ਕਰਦੇ ਨੇ।