ਆਪੇ ਦਰਦ ਸਹੇੜੇ

ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!

ਮੱਚ ਇਸ਼ਕ ਦਾ ਬਾਲ ਕੇ ਸੇਕਾਂ
ਰੂਹ ਦੇ ਤਾਅ ਤਖੀੜੇ
ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!

ਦਿਲ ਦਾ ਮਾਸ ਖਵਾ ਕੇ ਕੀਤੇ
ਯਾਰ ਰਗਾਂ ਦੇ ਨੇੜੇ
ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!

ਆਪੇ ਆਪਣੀ ਸੁਰਤ ਵੰਝਾਈ
ਮਿਲਦੇ ਹੱਥ ਲੁਟੇਰੇ
ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!

ਰੱਤ ਉਥਲੀ ਸਾਡੇ ਕੋਈਆਂ ਵਿਚੋਂ
ਭਭਲੀਂ ਹੱਥ ਲਬੇੜੇ
ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!

ਅੰਦਰੋਂ ਅੰਦਰੀਂ ਸੰਨ੍ਹਾਂ ਲੱਗੀਆਂ
ਕੀਹਨੇ ਸਾਕ ਸਹੇੜੇ
ਆਪੇ ਦਰਦ ਸਹੇੜੇ, ਬਾਬਲਾ
ਆਪੇ ਦਰਦ ਸਹੇੜੇ!