ਇਸ਼ਕੇ ਅੰਦਰ ਬਹੁਤ ਖੁਆਰੀ

ਜ਼ਾਲਮ ਇਸ਼ਕ ਬੇਦਰਦ ਕਹਾਵੇ ।
ਜਿਸ ਨੂੰ ਲੱਗੇ ਮਾਰ ਵੰਜਾਵੇ ।
ਬਾਝੋਂ ਯਾਰ ਕਰਾਰ ਨਾ ਆਵੇ।
ਦੂਜੀ ਵੈਰੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧।

ਜਬ ਚਲ ਆਵੇ ਇਸ਼ਕ ਬਦਨ ਮੇਂ ।
ਆਵੇ ਚੈਨ ਨਾ ਚੌਕ ਚਮਨ ਮੇਂ ।
ਰੋਂਦੇ ਫਿਰਦੇ ਆਸ਼ਕ ਬਨ ਮੇਂ ।
ਲਗੀ ਜਿਨ੍ਹਾਂ ਨੂੰ ਪ੍ਰੇਮ ਕਟਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨।

ਨਹੀਂ ਦੇਵੇ ਦਿਲਬਰ ਦਰਸ਼ਨ ।
ਆਸ਼ਕ ਮੁਖ ਦੇਖਨ ਨੂੰ ਤਰਸਨ ।
ਬਿਨ ਦਿਲਬਰ ਦੇ ਆਂਖੀ ਬਰਸਨ ।
ਸਾਵਨ ਬਰਸੇ ਜਿਉਂ ਘਟ ਕਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੩।

ਜ਼ਹਿਰ ਪਿਆਲੇ ਇਸ਼ਕੇ ਵਾਲੇ ।
ਆਸ਼ਕ ਪੀ ਹੋਵਨ ਮਤਵਾਲੇ ।
ਦੇਖ ਪਤੰਗ ਸ਼ਮਾਂ ਨੇ ਜਾਲੇ ।
ਮਰ ਗਏ ਸੂਰਤ ਦੇਖ ਪਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੪।

ਜਿਸ ਦੇ ਦਿਲ ਵਿੱਚ ਇਸ਼ਕ ਸਮਾਵੇ ।
ਉਸ ਦਾ ਐਸ਼ ਅਰਾਮ ਉਠਾਵੇ ।
ਜਾਨੀ ਬਾਝ ਚਲੀ ਜਿੰਦ ਜਾਵੇ ।
ਤਨ ਮਨ ਖਾਕ ਕਰੇ ਇਕ ਵਾਰੀ।
ਇਸ਼ਕੇ ਅੰਦਰ ਬਹੁਤ ਖੁਆਰੀ ।੫।

ਇਸ਼ਕੇ ਸੱਸੀ ਮਾਰ ਗਵਾਈ ।
ਪੁਨੂੰ ਦੇਂਦਾ ਫਿਰੇ ਦੁਹਾਈ ।
ਮਜਨੂੰ ਦੇ ਤਨ ਦਭ ਉਗਾਈ ।
ਮੋਈ ਲੇਲੀ ਵੇਖ ਵਿਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੬।

ਇਸ਼ਕੇ ਮਿਰਜ਼ਾ ਮਾਰ ਗਵਾਇਆ ।
ਜਬ ਸਾਹਿਬਾਂ ਸੇ ਅੰਗ ਮਿਲਾਇਆ ।
ਮਹੀਂਵਾਲ ਫ਼ਕੀਰ ਬਨਾਇਆ ।
ਮਰ ਗਈ ਸੋਹਣੀ ਲਾ ਜਲ ਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੭।

ਰਾਂਝਾ ਹੀਰ ਇਸ਼ਕ ਨੇ ਮਾਰੇ ।
ਸ਼ੀਰੀਂ ਤੇ ਫ਼ਰਿਹਾਦ ਵਿਚਾਰੇ ।
ਚੰਦਰ ਬਦਨ ਮਾਂਹ ਯਾਰ ਪਿਆਰੇ ।
ਸ਼ਾਹ ਸ਼ਮਸ ਦੀ ਖੱਲ ਉਤਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੮।

ਮਨਸੂਰੇ ਨੂੰ ਦਾਰ ਚੜ੍ਹਾਇਆ ।
ਹਸਨ ਹੁਸੈਨ ਕਟਕ ਖਪਾਇਆ ।
ਬੁਲ੍ਹੇ ਤਾਈਂ ਇਸ਼ਕ ਸਤਾਇਆ ।
ਜ਼ਿਕਰੀਆ ਚੀਰ ਦੀਆ ਧਰ ਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੯।

ਇਸ਼ਕੇ ਪੀਰ ਫ਼ਕੀਰ ਰੰਜਾਨੇ ।
ਫਿਰਨ ਉਜਾੜੀਂ ਹੋਏ ਦੀਵਾਨੇ ।
ਜਿਸ ਨੂੰ ਲਗੀ ਵੋਹੀ ਜਾਨੇ ।
ਇਸ਼ਕ ਰੰਜਾਨੀ ਖ਼ਲਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੦।

ਇਸ਼ਕ ਜਿਨ੍ਹਾਂ ਤਨ ਚੋਟਾਂ ਲਾਈਆਂ ।
ਰੋ ਰੋ ਹਰ ਦਮ ਦੇਨ ਦੁਹਾਈਆਂ ।
ਆ ਮਿਲ ਪਿਆਰੇ ਆ ਮਿਲ ਸਾਈਆਂ ।
ਤੇਰੀ ਸੂਰਤ ਪਰ ਬਲਿਹਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੧।

ਜਿਸ ਦੇ ਪਾਸ ਨਹੀਂ ਦਿਲ ਜਾਨੀ ।
ਤਲਖ਼ ਉਸ ਦੀ ਹੈ ਜਿੰਦਗਾਨੀ ।
ਜਿਉਂ ਮਛਲੀ ਤਰਫੇ ਬਿਨ ਪਾਨੀ ।
ਤੈਸੇ ਦਿਲਬਰ ਬਾਝ ਲਚਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੨।

ਇਸ਼ਕ ਵਲੀ ਅਵਤਾਰ ਡੁਲਾਏ ।
ਭਰ ਭਰ ਪੂਰ ਹਜ਼ਾਰ ਡੁਬਾਏ ।
ਇਸ਼ਕ ਉਪਾਏ ਇਸ਼ਕ ਖਪਾਏ ।
ਇਸ਼ਕੇ ਮੁਨੇ ਸਭ ਨਰ ਨਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੩।

ਵੇਖ ਪਤੰਗ ਸ਼ਮਾ ਪਰ ਸੜਦੇ ।
ਆਸ਼ਕ ਜਾਇ ਸੂਲੀਆਂ ਚੜ੍ਹਦੇ ।
ਤਾਂ ਭੀ ਯਾਰ ਯਾਰ ਹੀ ਕਰਦੇ ।
ਏਸ ਇਸ਼ਕ ਦੀ ਚਾਲ ਨਿਆਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੪।

ਬ੍ਰਿਹੋਂ ਵਾਲੇ ਬਦਲ ਕੜਕਨ ।
ਆਸ਼ਕ ਘਾਇਲ ਮੁਰਗ ਜਿਉਂ ਫੜਕਨ ।
ਭੌਰ ਫੁਲੋਂ ਪਰ ਹਰ ਦਮ ਲਟਕਨ ।
ਸਭ ਸੋ ਮੁਸ਼ਕਲ ਕਰਨੀ ਯਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੫।

ਆਸ਼ਕ ਦੇ ਦੁਸ਼ਮਨ ਹਜ਼ਾਰਾਂ ।
ਚਾਰੋਂ ਤਰਫ ਨੰਗੀ ਤਲਵਾਰਾਂ ।
ਪੁਛੋ ਜਾ ਕੇ ਇਸ਼ਕ ਬੀਮਾਰਾਂ ।
ਖੂੰਨ ਚਸ਼ਮ ਸੋ ਕਰ ਰਹੇ ਜ਼ਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੬।

ਆਸ਼ਕ ਘਾਇਲ ਹੋਏ ਵਿੱਚ ਰਣ ਦੇ ।
ਰਤੀ ਰਤ ਨਹੀਂ ਵਿੱਚ ਤਨ ਦੇ ।
ਮਨ ਦੀ ਬਾਤ ਰਹੇ ਵਿੱਚ ਮਨ ਦੇ ।
ਕਿਸ ਨੂੰ ਕਹਾਂ ਹਕੀਕਤ ਸਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੭।

ਏਸ ਇਸ਼ਕ ਦੇ ਸਭ ਪਸਾਰੇ ।
ਇਸ਼ਕ ਉਪਾਏ ਇਸ਼ਕੇ ਮਾਰੇ ।
ਇਸ਼ਕ ਦੇ ਚੌਦਾਂ ਤਬਕ ਪਿਆਰੇ ।
ਇਸ਼ਕੇ ਪਰ ਆਸ਼ਕ ਜਿੰਦ ਵਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੮।

ਵਿੱਚ ਕੁਰਾਨ ਲਫਜ਼ ਇਕ ਆਇਆ ।
ਮੌਲਾ ਕੁੰਨ ਜਦੋਂ ਫੁਰਮਾਇਆ ।
ਇਹ ਇਸ਼ਕੇ ਚੌਦਾਂ ਤਬਕ ਬਨਾਇਆ ।
ਇਸ ਇਸ਼ਕ ਦੀ ਖੇਲ ਮਦਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੧੯।

ਪਾਲ ਸਿੰਘ ਹੁਨ ਕੀ ਕੁਝ ਕਹੀਏ ।
ਵਾਹਦ ਸਮਝ ਚੁਪ ਹੋ ਰਹੀਏ ।
ਦਿਲ ਵਿੱਚ ਦਿਲਬਰ ਨੂੰ ਮਿਲ ਰਹੀਏ ।
ਜਿਸ ਦੀ ਕੁਦਰਤ ਬੇਸ਼ੁਮਾਰੀ ।
ਇਸ਼ਕੇ ਅੰਦਰ ਬਹੁਤ ਖੁਆਰੀ ।੨੦।