ਆਸ਼ਿਕ ਹਰ ਹਾਲ ਦੀਵਾਨੇ ਨੀ

ਆਸ਼ਕ ਮਰਦ ਸਦਾ ਮਤਵਾਲੇ ।
ਜਿਨ੍ਹਾਂ ਪੀਤੇ ਪ੍ਰੇਮ ਪਿਆਲੇ ।
ਐਪਰ ਅੱਗ ਇਸ਼ਕ ਦੀ ਜਾਲੇ ।
ਜਿਉਂ ਦੀਪਕ ਪਰਵਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧।

ਜਾਵਣ ਗਲੀ ਮਹਬੂਬਾਂ ਵਾਲੀ ।
ਤਨ ਮਨ ਖੁਦੀਓਂ ਕਰਕੇ ਖਾਲੀ ।
ਵੇਖਣ ਸੂਰਤ ਵਾਲੀ ਵਾਲੀ ।
ਵੇਖ ਵੇਖ ਮਸਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੨।

ਜਿਧਰ ਦੇਖਣ ਓਧਰ ਜਾਨੀ ।
ਜਿਉਂ ਇਕ ਸੂਤ ਹੋਈ ਬਹੁ ਤਾਨੀ ।
ਸਭ ਤਰੰਗਾਂ ਅੰਦਰ ਪਾਨੀ ।
ਬੀਜੋਂ ਬ੍ਰਿਛ ਸਿਆਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੩।

ਮਕੇ ਨੂੰ ਨਾਹੀ ਵੋਹ ਜਾਵਨ ।
ਗੰਗਾ ਕਾਸ਼ੀ ਕਦਮ ਨਾ ਪਾਵਨ ।
ਨਾ ਕੁਛ ਪੂਜਨ ਨਾਹਿ ਪੁਜਾਵਨ ।
ਨਾ ਕੁਛ ਦੀਨ ਈਮਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੪।

ਆਸ਼ਕ ਜ਼ਾਤ ਪਾਤ ਨਾ ਜਾਨਨ ।
ਮਾਇਆ ਦੌਲਤ ਨਾਹਿ ਸਿਆਨਨ ।
ਸ਼ਰਾ ਮਜ੍ਹਬ ਕੋਈ ਨਾ ਮਾਨਨ ।
ਦਿਲਬਰ ਪਰ ਕੁਰਬਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੫।

ਇਸ਼ਕੇ ਵਿਚ ਨਾ ਜ਼ਾਤ ਸਫਾਤ ।
ਸੂਰਜ ਪਾਸ ਕਹਾਂ ਦਿਨ ਰਾਤ ।
ਲੋਕ ਕੀ ਜਾਨਨ ਇਸਦੀ ਬਾਤ ।
ਮਾਰਨ ਝੂਠੇ ਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੬।

ਸਾਚੁ ਕਹੀਏ ਤਾਂ ਖੱਲ ਲੁਹਾਈਏ ।
ਕਹਿਣੋ ਭੀ ਕੈਸੇ ਹਟ ਜਾਈਏ ।
ਹਿੰਦੂ ਅੰਧੇ ਸਭ ਸੁਨਾਈਏ ।
ਤੇ ਇਹ ਮੁਸੱਲੇ ਕਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੭।

ਦੇਖ ਪਖੰਡੀ ਸੀਸ ਨਿਵਾਵਨ ।
ਸਾਚੇ ਨੂੰ ਫੜ ਦਾਰ ਚੜਾਵਨ ।
ਨਾ ਕੁਛ ਸੋਚਨ ਜ਼ੁਲਮ ਕਮਾਵਨ ।
ਕਾਫ਼ਰ ਸਾਧ ਮੁਲਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੮।

ਆਸ਼ਕ ਮੈ ਹਕ ਮੈ ਹਕ ਕਰਦੇ ।
ਸੂਲੀ ਸਾਰੋਂ ਮੂਲ ਨਾ ਡਰਦੇ ।
ਪੈਰ ਕਟਾਰੀ ਉਪਰ ਧਰਦੇ ।
ਜਾਨ ਬੂਝ ਅਨਜਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੯।

ਜਿਥੇ ਇਸ਼ਕ ਹੋਰੀਂ ਚਲ ਆਏ ।
ਓਥੋਂ ਸ਼ਰਮ ਹਯਾਉ ਉਠਾਏ ।
ਨਰਕ ਸੁਰਗ ਦੇ ਖ਼ੌਫ਼ ਗੁਵਾਏ ।
ਤੇ ਕਿਆ ਰਾਜੇ ਰਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੦।

ਕੈ ਤੋ ਫਿਰਦੇ ਬੀਚ ਉਜਾੜਾਂ ।
ਕੈ ਜਾ ਡੇਰਾ ਕਰਨ ਪਹਾੜਾਂ ।
ਕੈ ਖੇਲਨ ਸੰਗ ਸੁੰਦਰ ਨਾਰਾਂ ।
ਭੌਰ ਜਿਵੇਂ ਬੁਸਤਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੧।

ਕੈ ਤੋ ਹੋਵਨ ਹਾਲ ਅਮੀਰਾਂ ।
ਕੈ ਤੋ ਉਪਰ ਪਾਟੀ ਲੀਰਾਂ ।
ਕੈ ਤੋ ਮੰਜਾ ਹੇਠ ਕਰੀਰਾਂ ।
ਕੈ ਵਿਚ ਮਹਲ ਮਕਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੨।

ਕੈ ਤੋ ਹਸਨ ਖੇਡਨ ਗਾਵਨ ।
ਕੈ ਤੋ ਲਾਂਬੇ ਪਾਉਂ ਫੈਲਾਵਨ ।
ਕੈ ਚੁਪ ਕੈ ਬਹੁ ਸ਼ੋਰ ਮਚਾਵਨ ।
ਕੈ ਦਾਨੇ ਪਰਧਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੩।

ਕੈ ਤੋ ਬੇਦ ਕੁਰਾਨਾਂ ਪੜ੍ਹਦੇ ।
ਕੈ ਜਾ ਚੌਦੀਂ ਤਬਕੀਂ ਵੜਦੇ ।
ਕੈ ਜਾ ਓਸ ਜਗਾ ਪਰ ਚੜਦੇ ।
ਜਿਥੇ ਬੰਦ ਜ਼ੁਬਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੪।

ਇਸ਼ਕੇ ਵਾਲੀ ਚਾਲ ਨਿਆਰੀ ।
ਜਿਉਂ ਕਰ ਖੇਲੇ ਖੇਲ ਮਦਾਰੀ ।
ਇਨਕੋ ਵਿਰਲਾ ਲਖੇ ਲਿਖਾਰੀ ।
ਦੇਖਤ ਲੋਕ ਹੈਰਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੫।

ਪਾਲ ਸਿੰਘ ਜੇ ਆਪ ਗੁਵਾਵੇਂ ।
ਤਾਂ ਤੂੰ ਭੇਦ ਇਸ਼ਕ ਦਾ ਪਾਵੇਂ ।
ਜਾਨੀ ਮਿਲ ਜਾਨੀ ਹੋ ਜਾਵੇਂ ।
ਜਿਸਦੇ ਇਹ ਸਭ ਭਾਨੇ ਨੀ ।
ਆਸ਼ਕ ਹਰ ਹਾਲ ਦੀਵਾਨੇ ਨੀ ।੧੬।