ਕਹੁ ਕੀ ਪੱਲੇ ਲੈ ਜਾਵੇਂਗਾ

ਹਰਦਮ ਯਾਦ ਰਖ ਕਰਤਾਰਾ
ਜਿਸ ਬਿਨ ਤੇਰਾ ਨਹੀਂ ਛੁਟਕਾਰਾ
ਵਾਂਗ ਸਰਾਉਂ ਸਮਝ ਜਗ ਸਾਰਾ
ਇਕ ਦਿਨ ਛੋਡ ਸਿਧਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਅਬ ਹੀ ਸਮਝ ਯਹੀ ਹੈ ਵੇਲਾ
ਜਾਸੇਂ ਜਾਨੀ ਬਾਝ ਅਕੇਲਾ
ਬਹੁਰ ਨਾ ਹੋਸੀ ਐਸਾ ਮੇਲਾ
ਅੰਤ ਬਾਰ ਪਛਤਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਮਹਿਲ ਮਕਾਨ ਉਚੀ ਅਟਾਰੀ
ਸੋਹਨੀ ਸੂਰਤ ਨਾਰੀ ਪਿਆਰੀ
ਮਾਇਆ ਦੌਲਤ ਬੇਸ਼ੁਮਾਰੀ
ਨੰਗੀਂ ਪੈਰੀਂ ਧਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜਿਹਨਾ ਸੰਗ ਪ੍ਰੀਤ ਲਗਾਈ
ਅੰਤ ਬਾਰ ਨਾ ਕੋਈ ਸਹਾਈ
ਝੂਠੇ ਸਾਕ ਸੈਨ ਸੁਤ ਭਾਈ
ਫਸ ਫਸ ਚੋਟਾਂ ਖਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜਿਨ੍ਹਾਂ ਮਹਿਲ ਮਕਾਨ ਬਨਾਏ
ਕਾਲ ਬਲੀ ਨੇ ਮਾਰ ਗਵਾਏ
ਰਾਵਨ ਜੇਹੇ ਖਾਕ ਰੁਲਾਏ
ਤੂੰ ਭੀ ਭਸਮ ਸਮਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜਬ ਕੇ ਮੌਤ ਤੇਰੇ ਸਿਰ ਆਸੀ
ਤਬ ਫਿਰ ਪੇਸ਼ ਨਾ ਕੋਈ ਜਾਸੀ
ਏਹ ਜਿੰਦ ਕੂੰਜ ਵਾਂਗ ਕੁਰਲਾਸੀ
ਰੋ ਰੋ ਨੀਰ ਵਹਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਰਾਵਨ ਸੋਨੇ ਲੰਕ ਬਨਾਈ
ਜਾਤੀ ਵਾਰ ਨਹੀਂ ਕੰਮ ਆਈ
ਇਕ ਲਖ ਨਾਰ ਨਾ ਸੰਗ ਸਿਧਾਈ
ਤੂੰ ਕੀ ਸਾਥ ਲੈ ਜਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜਿਨ੍ਹ ਘਰ ਫ਼ੌਜਾਂ ਹਾਥੀ ਘੋੜੇ
ਚਾਲੀ ਗੰਜ ਕਰੂੰ ਨੇ ਜੋੜੇ
ਜਾਤੀ ਵਾਰ ਪੜੇ ਹੀ ਛੋੜੇ
ਤੂੰ ਕੀ ਬਨਤ ਬਨਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜੋ ਤੇਰੇ ਅਬ ਮੀਤ ਕਹਾਵਨ
ਤੈਨੂੰ ਹਥੀਂ ਪਕੜ ਜਲਾਵਨ
ਜਾਲੇ ਬਾਝ ਅੰਨ ਨਹੀਂ ਖਾਵਨ
ਕਬ ਦਿਲ ਕੋ ਸਮਝਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਜੇ ਤੂੰ ਅਪਨਾ ਆਪ ਗਵਾਵੇਂ
ਗਲੀ ਯਾਰ ਦੀ ਫੇਰਾ ਪਾਵੇਂ
ਜਾਨੀ ਜਾਨੀ ਹਰ ਦਮ ਗਾਵੇਂ
ਤੂੰ ਜਾਨੀ ਸਦਵਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਦੇਖ ਬੀਜ ਨੇ ਆਪ ਗਵਾਇਆ
ਬੀਜੋਂ ਹੀ ਫਿਰ ਬ੍ਰਿਛ ਬਨਾਇਆ
ਪਾਤ ਫੂਲ ਫਲ ਲਾਖੋਂ ਲਾਇਆ
ਤਿਉਂ ਹਰ ਰੰਗ ਸਮਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਭੱਠ ਪਿਆ ਦਿਲਬਰ ਬਿਨ ਜੀਨਾ
ਹਰਾਮ ਲਖੋ ਸਭ ਖਾਨਾ ਪੀਨਾ
ਆ ਤੂੰ ਸਮਝ ਨਾ ਥੀਓ ਕਮੀਨਾ
ਸੋਚ ਸੋਚ ਸੁਖ ਪਾਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ

ਪਾਲ ਸਿੰਘ ਬਸ ਕਰ ਹੁਣ ਪਿਆਰੇ
ਤੇਰੇ ਹੀ ਸਭ ਰੰਗ ਪਸਾਰੇ
ਬੱਗੇ ਰੱਤੇ ਪੀਰੇ ਕਾਰੇ
ਕਦ ਦਿਲ ਅੰਦਰ ਆਵੇਂਗਾ
ਕਹੁ ਕੀ ਪੱਲੇ ਲੈ ਜਾਵੇਂਗਾ