ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਲੜਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੈ, ਉਦਾਸ ਅਹਿਰਨ ਤੇ
ਸਿਆੜ ਹੁਣ ਵੀ ਵਗਦੇ ਨੇਂ, ਚੀਕਣੀ ਧਰਤੀ ਤੇ
ਇਹ ਕੰਮ ਸਾਡਾ ਨਹੀਂ ਬਣਦਾ ਸਵਾਲ ਨੱਚਦਾ
ਸਵਾਲ ਦੇ ਮੋਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ
ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤਕ
ਕਿ ਵੀਰੋ ਬੱਕਰੀਆਂ ਵਾਲਾ ਜਦੋਂ ਤਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖੜੇ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁਜੀਆਂ ਅੱਖਾਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤਕ
ਜੰਗ ਚੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਿਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁਟਨ ਦੇ ਬਾਧਕ ਹਨ
ਕਿ ਬਾਬੂ ਦਫ਼ਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ਼ ਹਰਫ਼ ਪਾਉਂਦੇ ਹਨ
ਅਸੀਂ ਲੜਾਂਗੇ ਜਦ ਤਕ
ਦੁਨੀਆ ਚਿ ਲੜਨ ਦੀ ਲੋੜ ਬਾਕੀ ਹੈ

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ
ਅਸੀਂ ਲੜਾਂਗੇ
ਕਿ ਲੜਨ ਬਾਹਜੋਂ ਕੁਝ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥਈ

ਹਵਾਲਾ: ਇਨਕਾਰ ( ਹਵਾਲਾ ਵੇਖੋ )