ਪੂਰਨ ਭਗਤ

ਪੂਰਨ ਦਾ ਜਨਮ

ਅਲਫ਼ ਆਖ ਸਖੀ ਸਿਆਲਕੋਟ ਅੰਦਰ,
ਪੂਰਨ ਪੁੱਤ ਸਲਵਾਨ ਨੇ(ਦੇ) ਜਾਇਆ ਈ ।

ਜਦੋਂ ਜੰਮਿਆਂ ਰਾਜੇ ਨੂੰ ਖਬਰ ਹੋਈ,
ਸੱਦ ਪੰਡਤਾਂ ਵੇਦ ਪੜ੍ਹਾਇਆ ਈ ।

ਬਾਰਾਂ ਬਰਸ ਨਾ ਰਾਜਿਆ ਮੂੰਹ ਲੱਗੀਂ,
ਦੇਖ ਪੰਡਤਾਂ ਏਵ ਫ਼ਰਮਾਇਆ ਈ ।

ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਹੀ ਭੋਰੇ ਪਾਇਆ ਈ ।
--
ਬੇ ਬੇਦ ਉੱਤੇ ਜਿਵੇਂ ਲਿਖਿਆ ਸੀ,
ਤਿਵੇਂ ਪੰਡਤਾਂ ਆਖ ਸੁਣਾਇ ਦਿਤਾ ।

ਪੂਰਨ ਇਕ ਹਨੇਰਿਓਂ ਨਿਕਲਿਆ ਸੀ,
ਦੂਜੀ ਕੋਠੜੀ ਦੇ ਵਿਚ ਪਾਇ ਦਿਤਾ ।

ਸਭੋ ਗੋਲੀਆਂ ਬਾਂਦੀਆਂ ਦਾਈਆਂ ਨੂੰ,
ਬਾਰ੍ਹਾਂ ਬਰਸ ਦਾ ਖਰਚ ਪਵਾਇ ਦਿਤਾ ।

ਕਾਦਰਯਾਰ ਮੀਆਂ ਪੂਰਨ ਭਗਤ ਤਾਈਂ,
ਬਾਪ ਜੰਮਦਿਆਂ ਕੈਦ ਕਰਵਾਇ ਦਿਤਾ ।
--
ਤੇ ਤਾਬਿਆ ਨਾਲ ਉਸਤਾਦ ਹੋਏ,
ਲਗੇ ਵਿਦਿਆ ਅਕਲ ਸਿਖਾਵਣੇ ਨੂੰ ।

ਛਿਆਂ ਬਰਸਾਂ ਦਾ ਪੂਰਨ ਭਗਤ ਹੋਇਆ,
ਪਾਂਧੇ ਪੋਥੀਆਂ ਦੇਣ ਪੜ੍ਹਾਵਣੇ ਨੂੰ ।

ਤੀਰ-ਅੰਦਾਜ਼ੀਆਂ ਹੱਥ ਕਮਾਨ ਦਿੰਦੇ,
ਦਸਨ ਤਰਕਸਾਂ ਤੀਰ ਚਲਾਵਣੇ ਨੂੰ ।

ਕਾਦਰਯਾਰ ਜੁਆਨ ਜਾਂ ਹੋਇਆ ਪੂਰਨ,
ਦੰਮ ਦੰਮ ਲੋਚੇ ਬਾਹਰ ਆਵਣੇ ਨੂੰ ।