ਪੂਰਨ ਭਗਤ : ਗੋਰਖ ਨਾਥ ਦਾ ਬਹੁੜਨਾ

ਕਾਦਰਯਾਰ

ਕਾਫ਼ ਕਈ ਜੋ ਮੁਦਤਾਂ ਗੁਜ਼ਰ ਗਈਆਂ,
ਬਾਰਾਂ ਬਰਸ ਗੁਜ਼ਰੇ ਪੂਰਨ ਖੂਹ ਪਾਇਆਂ ।
ਸਾਈਂ ਕਰਮ ਕੀਤਾ ਬਖਸ਼ਨਹਾਰ ਹੋਇਆ,
ਕੋਈ ਹੁਕਮ ਸਬਬ ਦਾ ਆਣ ਲਾਇਆ ।
ਗੁਰੂ ਗੋਰਖ ਨਾਥ ਨੂੰ ਖੁਸ਼ੀ ਹੋਈ,
ਸਿਆਲਕੋਟ ਦੀ ਤਰਫ਼ ਨੂੰ ਸੈਲ ਆਇਆ ।
ਕਾਦਰਯਾਰ ਜਾ ਖੂਹੇ ਤੇ ਕਰਨ ਡੇਰਾ,
ਇਕ ਸਾਧ ਜੋ ਪਾਣੀ ਨੂੰ ਲੈਣ ਧਾਇਆ ।

--

ਲਾਮ ਲਜ ਤਾਂ ਖੂਹੇ ਵਹਾਇ ਦਿਤੀ,
ਤਲੇ ਪਾਣੀ ਦੇ ਵਲ ਧਿਆਨ ਕਰਕੇ ।
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ,
ਸਾਧ ਵੇਖਦਾ ਬੁੱਤ ਨਜ਼ੀਰ ਧਰ ਕੇ ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਦੌੜ ਆਇਆ ਗੁਰੂ ਦੇ ਪਾਸ ਡਰ ਕੇ ।
ਕਾਦਰਯਾਰ ਸੁਣਾਂਵਦਾ ਗੁਰੂ ਤਾਈਂ,
ਆਇਆ ਜੀਂਵਦਾ ਮੈਂ ਕਿਵੇਂ ਮਰ ਮਰ ਕੇ ।

--

ਮੀਮ ਮੈਂ ਜਾ ਗੁਰੂ ਜੀ ਖੂਹੇ ਚੜ੍ਹਿਆ,
ਤਲੇ ਪਾਣੀ ਦੇ ਵਲ ਧਿਆਨ ਪਾਇਆ ।
ਖਾਧਾ ਖ਼ੌਫ਼ ਤੇ ਹੋਸ਼ ਨਾ ਰਹੀ ਕਾਈ,
ਵਿਚੋਂ ਆਦਮੀ ਦਾ ਬੁੱਤ ਨਜ਼ਰ ਆਇਆ ।
ਕਰਮ ਕਰੋ ਤੇ ਚਲ ਕੇ ਆਪ ਦੇਖੋ,
ਕੋਈ ਆਦਮੀ, ਜਿੰਨ ਕਿ ਭੂਤ ਸਾਇਆ ।
ਕਾਦਰਯਾਰ ਅਚਰਜ ਦੀ ਗਲ ਸੁਣ ਕੇ,
ਸਾਰਾ ਝੁੰਡ ਗੁਰੂ ਸੇਤੀ ਉਠਿ ਧਾਇਆ ।

Read this poem in Roman or شاہ مُکھی

ਕਾਦਰਯਾਰ ਦੀ ਹੋਰ ਕਵਿਤਾ