ਪੂਰਨ ਭਗਤ

ਪੂਰਨ ਦੀ ਯੋਗ ਦੀ ਮੰਗ ਤੇ ਗੋਰਖ ਦੀ ਪ੍ਰਵਾਨਗੀ

8

ਦਾਲ ਦੇਣ ਲਗਾ ਰੁਖ਼ਸਤ ਓਸ ਵੇਲੇ,
ਗੁਰੂ ਆਖਦਾ ਬਚਾ ਜੀ ਮੁਲਖ ਜਾਵੋ ।
ਦੇਖ ਬਾਪ ਤੇ ਮਾਇ ਨੂੰ ਠੰਢ ਪਾਵੋ,
ਦੁਖ ਕਟਿਆ ਜਾਇ ਤੇ ਸੁਖ ਪਾਵੋ ।
ਪੂਰਨ ਆਖਦਾ ਬੇਹਿਸਾਬ ਹੈ ਜੀ,
ਕੰਨ ਪਾੜ ਮੇਰੇ ਅੰਗ ਖ਼ਾਕ ਲਾਵੋ ।
ਕਾਦਰਯਾਰ ਕਹਿੰਦਾ ਪੂਰਨ ਭਗਤ ਓਥੇ,
ਮਿਹਰਬਾਨਗੀ ਦੇ ਘਰ ਵਿਚ ਆਵੋ ।
9
ਜ਼ਾਲ ਜ਼ਰਾ ਨਾ ਪਓ ਖ਼ਿਆਲ ਮੇਰੇ,
ਗੁਰੂ ਆਖਦਾ ਜੋਗ ਕਮਾਨ ਔਖਾ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਕਰਨਾ,
ਦੁਨੀਆਂ ਛਡ ਦੇਣੀ ਮਰ ਜਾਣ ਔਖਾ ।
ਕਾਮ ਮਾਰ ਕੇ ਕ੍ਰੋਧ ਨੂੰ ਦੂਰ ਕਰਨਾ,
ਮੰਦੀ ਹਿਰਸ ਦਾ ਤੋੜਨਾ ਮਾਨ ਔਖਾ ।
ਕਾਦਰਯਾਰ ਕਹਿੰਦਾ ਗੁਰੂ ਪੂਰਨ ਤਾਈਂ,
ਏਸ ਰਾਹ ਦਾ ਮਸਲਾ ਪਾਨ ਔਖਾ ।
10
ਰੇ ਰੋਇ ਕੇ ਪੂਰਨ ਹੱਥ ਬੰਨ੍ਹੇ,
ਲੜ ਛਡ ਤੇਰਾ ਕਿਥੇ ਜਾਵਸਾਂ ਮੈਂ ।
ਫ਼ਾਕਾ ਫ਼ਿਕਰ ਤੇ ਸਫ਼ਰ ਕਬੂਲ ਸਿਰ ਤੇ,
ਤੇਰਾ ਹੁਕਮ ਬਜਾਇ ਲਿਆਵਸਾਂ ਮੈਂ ।
ਕਰੋ ਕਰਮ ਤੇ ਸੀਸ ਪਰ ਹੱਥ ਰਖੋ,
ਖਿਜ਼ਮਤਗਾਰ ਗ਼ੁਲਾਮ ਸਦਾਵਸਾਂ ਮੈਂ ।
ਕਾਦਰਯਾਰ ਤਵਾਜ਼ਿਆ ਹੋਗੁ ਜਿਹੜੀ,
ਟਹਿਲ ਸਾਬਤੀ ਨਾਲ ਕਰਾਵਸਾਂ ਮੈਂ ।
11
ਜ਼ੇ ਜ਼ੋਰ ਬੇਜ਼ੋਰ ਹੋ ਗੁਰੂ ਅਗੇ,
ਪੂਰਨ ਆਇ ਕੇ ਸੀਸ ਨਿਵਾਂਵਦਾ ਏ ।
ਗੁਰੂ ਪਕੜ ਕੇ ਸੀਸ ਤੋਂ ਲਿੱਟ ਕਤਰੀ,ہ
ਕੰਨ ਪਾੜ ਕੇ ਮੁੰਦਰਾਂ ਪਾਂਵਦਾ ਏ ।
ਗੇਰੀ ਰੰਗ ਪੁਸ਼ਾਕੀਆਂ ਖੋਲ੍ਹ ਬੁਚਕੇ,
ਹਥੀਂ ਆਪਣੀ ਨਾਥ ਪਹਿਨਾਂਵਦਾ ਏ ।
ਕਾਦਰਯਾਰ ਗੁਰੂ ਸਵਾ ਲਖ ਵਿਚੋਂ,
ਪੂਰਨ ਭਗਤ ਮਹੰਤ ਬਣਾਂਵਦਾ ਏ ।