ਪੂਰਨ ਭਗਤ : ਪੂਰਨ ਦਾ ਸੁੰਦਰਾਂ ਤੋਂ ਖ਼ੈਰ ਲਿਆਉਣਾ

ਕਾਦਰਯਾਰ

13 ਸ਼ੀਨ ਸ਼ਹਿਰ ਭਲਾ ਰਾਣੀ ਸੁੰਦਰਾਂ ਦਾ, ਪੂਰਨ ਚਲਿਆ ਖ਼ਾਕ ਰਮਾਇ ਕੇ ਜੀ । ਜੋਗੀ ਆਖਦੇ ਪੂਰਨਾ ਅਜ ਜੇ ਤੂੰ, ਆਵੇਂ ਸੁੰਦਰਾਂ ਤੋਂ ਫਤੇ ਪਾਏ ਕੇ ਜੀ । ਅਗੇ ਕਈ ਜੋਗੀ ਉਥੇ ਹੋਇ ਆਏ, ਮਹਿਲੀਂ ਬੈਠ ਆਵਾਜ਼ ਬੁਲਾਇ ਕੇ ਜੀ । ਕਾਦਰਯਾਰ ਤੇਰੀ ਸਾਨੂੰ ਖ਼ਬਰ ਨਾਹੀਂ, ਜ਼ੋਰ ਕਰੇ ਜੇ ਪੂਰਨਾ ਜਾਇ ਕੇ ਜੀ । 14 ਸਵਾਦ ਸਾਹਿਬ ਦਾ ਨਾਮ ਧਿਆਏ ਕੇ ਜੀ, ਪੂਰਨ ਆਖਦਾ ਹੁਕਮ ਦੀ ਟਹਿਲ ਕਾਈ । ਗੁਰੂ ਨਾਥ ਫੜਾਇ ਕੇ ਹੱਥ ਲੋਟਾ, ਥਾਪੀ ਪੁਸ਼ਤ ਪਨਾਹ ਦੀ ਮਗਰ ਲਾਈ । ਗੁਰੂ ਆਖਦਾ ਬੱਚਾ ਜੀ ਮਤ ਸਾਡੀ, ਹਰ ਕਿਸੇ ਨੂੰ ਸਮਝਨਾ ਭੈਣ ਮਾਈ । ਕਾਦਰਯਾਰ ਸੰਮਾਲ ਕੇ ਮੁਲਖ ਫਿਰਨਾ, ਮਤਿ ਦਾਗ਼ ਨਾ ਸੂਰਤਿ ਨੂੰ ਲਗ ਜਾਈ । 15 ਜ਼ੁਆਦ ਜ਼ਰੂਰਤ ਜੇ ਕਿਸੇ ਦੀ ਹੁੰਦੀ ਮੈਨੂੰ, ਕਿਉਂ, ਆਪਣਾ ਆਪ ਗੁਵਾਉਂਦਾ ਮੈਂ । ਪਹਿਲਾ ਲੂਣਾ ਦਾ ਆਖਿਆ ਮੰਨ ਲੈਂਦਾ, ਖੂਹੇ ਪੈਂਦਾ ਕਿਉਂ ਦਸਤ ਵਢਾਉਂਦਾ ਮੈਂ । ਹੁਣ ਫੇਰ ਰਹੇ ਤੁਸੀਂ ਆਖ ਮੈਨੂੰ, ਹਿਰਸ ਹੁੰਦੀ ਜੇ ਮੁਲਖ ਨੂੰ ਜਾਉਂਦਾ ਮੈਂ । ਕਾਦਰਯਾਰ ਜੇ ਖ਼ੁਸ਼ੀ ਦੀ ਗਲ ਹੁੰਦੀ, ਘਰ ਸੌ ਵਿਆਹ ਕਰਾਉਂਦਾ ਮੈਂ । 16 ਤੋਇ ਤਾਲਿਆ ਵੰਦ ਫ਼ਕੀਰ ਪੂਰਨ, ਪਹਿਲੇ ਰੋਜ਼ ਗਦਾਈ ਨੂੰ ਚਲਿਆ ਈ । ਰਾਣੀ ਸੁੰਦਰਾਂ ਦੇ ਮਹਲ ਜਾਇ ਵੜਿਆ, ਬੂਹਾ ਰੰਗ ਮਹਿਲ ਦਾ ਮਲਿਆ ਈ । ਮਹਲਾਂ ਹੇਠ ਜਾਂ ਪੂਰਨ ਆਵਾਜ਼ ਕੀਤੀ, ਰਾਣੀ ਖ਼ੈਰ ਗੋਲੀ ਹੱਥ ਘਲਿਆ ਈ । ਕਾਦਰਯਾਰ ਗ਼ੁਲਾਮ ਬਿਹੋਸ਼ ਹੋਈ, ਸੂਰਤ ਵੇਖ ਸੀਨਾ ਥਰਥਲਿਆ ਈ । 17 ਜ਼ੋਇ ਜ਼ਾਹਰਾ ਗੋਲੀ ਨੂੰ ਕਹੇ ਪੂਰਨ, ਘਲ ਰਾਣੀ ਨੂੰ ਆਇ ਕੇ ਖ਼ੈਰ ਪਾਏ । ਅਸੀਂ ਖ਼ੈਰ ਲੈਣਾ ਰਾਣੀ ਸੁੰਦਰਾਂ ਤੋਂ, ਤੁਸਾਂ ਗੋਲੀਆਂ ਥੋਂ ਨਹੀਂ ਲੈਣ ਆਏ । ਪੂਰਨ ਕਿਹਾ ਤਾਂ ਗੋਲੀ ਨਾ ਉਜ਼ਰ ਕੀਤਾ, ਪਿਛਾਂ ਪਰਤ ਕੇ ਰਾਣੀ ਦੇ ਕੋਲ ਜਾਏ । ਕਾਦਰਯਾਰ ਮੀਆਂ ਰਾਣੀ ਸੁੰਦਰਾਂ ਨੂੰ, ਗੋਲੀ ਜਾਇ ਤਾਹਨਾ ਤਨ ਬੀਚ ਲਾਏ । 18 ਐਨ ਅਰਜ਼ ਮੰਨ ਰਾਣੀਏਂ ਕਹੇ ਗੋਲੀ, ਤੈਨੂੰ ਸੂਰਤ ਦਾ ਵੱਡਾ ਮਾਨ ਮੋਈਏ । ਜਿਹੜਾ ਆਇਆ ਅਜ ਫ਼ਕੀਰ ਸਾਈਂ, ਮੈਂ ਵੀ ਵੇਖ ਕੇ ਹੋਈ ਹੈਰਾਨ ਮੋਈਏ । ਤੇਰੇ ਕੋਲੋਂ ਹੈ ਸੋਹਣਾ ਦਸ ਹਿੱਸੇ, ਭਾਵੇਂ ਗ਼ੈਰਤਾਂ ਦਿਲ ਵਿਚ ਜਾਨ ਮੋਈਏ । ਕਾਦਰਯਾਰ ਮੈਥੋਂ ਨਹੀਂ ਖ਼ੈਰ ਲੈਂਦਾ, ਤੇਰੇ ਦੇਖਣੇ ਨੂੰ ਖੜਾ ਆਨ ਮੋਈਏ ।

Share on: Facebook or Twitter
Read this poem in: Roman or Shahmukhi

ਕਾਦਰਯਾਰ ਦੀ ਹੋਰ ਕਵਿਤਾ