ਪੂਰਨ ਭਗਤ : ਪੂਰਨ ਦਾ ਪਿਓ ਦੇ ਦਰਬਾਰ ਆਉਣਾ

ਕਾਦਰਯਾਰ

4
ਸੇ ਸਾਬਤੀ ਵਿਦਿਆ ਸਿੱਖ ਕੇ ਜੀ,
ਬਾਰਾਂ ਬਰਸ ਗੁਜ਼ਰੇ ਖ਼ਬਰਦਾਰ ਹੋਇਆ ।
ਪੂਰਨ ਪੁਤ੍ਰ ਰਾਜੇ ਸਲਵਾਹਨ ਤਾਈਂ,
ਪਾਨ ਲੈ ਕੇ ਮਿਲਣ ਤਿਯਾਰ ਹੋਇਆ ।
ਚੜ੍ਹੀ ਹਿਰਸ ਰਾਜੇ ਸਲਵਾਹਨ ਤਾਈਂ,
ਚੁਕ ਅੱਡੀਆਂ ਪੱਬਾਂ ਦੇ ਭਾਰ ਹੋਇਆ ।
ਕਾਦਰਯਾਰ ਸੂਰਤ ਰਾਜੇ ਜਦੋਂ ਡਿਠੀ,
ਚੜ੍ਹੀ ਹਿਰਸ ਤੇ ਮਸਤ ਸੰਸਾਰ ਹੋਇਆ ।
5
ਜੀਮ ਜਾਇ ਰਾਜੇ ਸਲਵਾਹਨ ਆਂਦੀ,
ਇਕ ਇਸਤ੍ਰੀ ਹੋਰ ਵਿਆਹਿ ਕੇ ਜੀ ।
ਉਸ ਦੀ ਜਾਤ ਚਮਿਆਰੀ ਤੇ ਨਾਮ ਲੂਣਾ,
ਘਰ ਆਂਦੀ ਸੀ ਈਨ ਮਨਾਇ ਕੇ ਜੀ ।
ਸੂਰਤ ਉਸਦੀ ਚੰਦ ਮਹਿਤਾਬ ਵਾਂਗੂੰ,
ਜਦੋਂ ਬੈਠੀ ਸੀ ਜੇਵਰ ਪਾਇ ਕੇ ਜੀ ।
ਕਾਦਰਯਾਰ ਕੀ ਆਖ ਸੁਣਾਵਸਾਂ ਮੈਂ,
ਪੰਛੀ ਡਿਗਦੇ ਦਰਸ਼ਨ ਪਾਇ ਕੇ ਜੀ ।
6
ਹੇ ਹਾਰ ਸ਼ਿੰਗਾਰ ਸਭ ਪਹਿਰ ਕੇ ਜੀ,
ਪੂਰਨ ਨਾਲ ਮਹੂਰਤਾਂ ਬਾਹਰ ਆਇਆ ।
ਕੱਢ ਭੋਰਿਓਂ ਬਾਪ ਦਾ ਭੌਰ ਤਾਜ਼ੀ,
ਨਿਗ੍ਹਾ ਰਖ ਕੇ ਵਿਚ ਬਾਜ਼ਾਰ ਆਇਆ ।
ਖ਼ੁਸ਼ੀ ਬਹੁਤ ਹੋਈ ਰਾਣੀ ਇਛਰਾਂ ਨੂੰ,
ਦਰਿ ਘਰ ਦੇਣ ਵਧਾਈਆਂ ਸੰਸਾਰ ਆਇਆ ।
ਕਾਦਰਯਾਰ ਮੀਆਂ ਬਾਰਾਂ ਬਰਸ ਪਿਛੋਂ,
ਪੂਰਨ ਰਾਜਿਆਂ ਦੇ ਦਰਬਾਰ ਆਇਆ ।
7
ਖ਼ੇ ਖ਼ੁਸ਼ੀ ਹੋਈ ਸਲਵਾਹਨ ਰਾਜੇ,
ਪੂਰਨ ਆਇ ਕੇ ਜਦੋਂ ਸਲਾਮ ਕੀਤਾ ।
ਖ਼ੁਸ਼ੀ ਨਾਲ ਨਾ ਮੇਉਂਦਾ ਵਿਚ ਜਾਮੇ,
ਗਊਆਂ ਮਣਸੀਆਂ ਤੇ ਪੁੰਨ ਦਾਨ ਕੀਤਾ ।
ਪੂਰਨ ਵਿਚ ਕਚਹਿਰੀ ਦੇ ਆਣ ਬੈਠਾ,
ਲੋਕਾਂ ਸਭਨਾਂ ਵਲ ਧਿਆਨ ਕੀਤਾ ।
ਕਾਦਰਯਾਰ ਮੀਆਂ ਸਲਵਾਹਨ ਰਾਜੇ,
ਹੱਥੋਂ ਸਾਈਂ ਦੇ ਨਾਮ ਕੁਝ ਦਾਨ ਕੀਤਾ ।
8
ਦਾਲ ਦਸਦਾ ਪੁਛਦਾ ਲਾਗੀਆਂ ਨੂੰ,
ਸਲਵਾਹਨ ਰਾਜਾ ਤਦੋਂ ਗਜ ਕੇ ਜੀ ।
ਪੂਰਨ ਭਗਤ ਦਾ ਢੂੰਡਸਾਂ ਸਾਕ ਯਾਰੋ,
ਜਿਥੇ ਚਲ ਢੁਕੀਏ ਦਿਨ ਅਜ ਕੇ ਜੀ ।
ਮੈਨੂੰ ਸਿਕਦਿਆਂ ਰਬ ਨੇ ਲਾਲ ਦਿੱਤਾ,
ਅੱਖੀਂ ਵੇਖ ਲੀਤਾ ਹੁਣ ਰੱਜ ਕੇ ਜੀ ।
ਕਾਦਰਯਾਰ ਮੀਆਂ ਪੂਰਨ ਭਗਤ ਅਗੋਂ,
ਕਹਿੰਦਾ ਸੁਖਨ ਸੱਚਾ ਇਕ ਵਜ ਕੇ ਜੀ ।
9
ਜ਼ਾਲ ਜ਼ਰਾ ਨਾ ਬਾਪ ਤੋਂ ਸੰਗ ਕਰਦਾ,
ਕਹਿੰਦਾ ਬਾਬਲਾ ਪੁੱਤ ਵਿਆਹੁ ਨਾਹੀ ।
ਜਿਸ ਵਾਸਤੇ ਲੋਕ ਵਿਆਹ ਕਰਦੇ,
ਮੇਰੇ ਮਨ ਅਜੇ ਕੋਈ ਚਾਹੁ ਨਾਹੀ ।
ਮੇਰਾ ਭੌਰ ਸਲਾਮਤੀ ਰਹੂ ਏਵੇਂ,
ਬੰਨ ਬੇੜੀਆਂ ਬਾਬਲਾ ਪਾਉ ਨਾਹੀ ।
ਕਾਦਰਯਾਰ ਨਾ ਸੰਗਦਾ ਕਹੇ ਪੂਰਨ,
ਮੈਥੋਂ ਰਬ ਦਾ ਨਾਉਂ ਭੁਲਾਉ ਨਾਹੀ ।
10
ਰੇ ਰੰਗ ਤਗੀਰ ਹੋ ਗਿਆ ਸੁਣ ਕੇ,
ਪੂਰਨ ਭਗਤ ਵਲੋਂ ਸਲਵਾਹਨ ਦਾ ਈ ।
ਕੋਲੋਂ ਉਠਿ ਵਜ਼ੀਰ ਨੇ ਮਤਿ ਦਿਤੀ,
ਅਜੇ ਇਹ ਕੀ ਰਾਜਿਆ ਜਾਣਦਾ ਈ ।
ਜਦੋਂ ਹੋਗੁ ਜੁਆਨ ਕਰ ਲੈਗੁ ਆਪੇ,
ਤੈਥੋਂ ਬਾਹਰਾ ਫ਼ਿਕਰ ਵਿਆਹਨ ਦਾ ਈ ।
ਕਾਦਰਯਾਰ ਵਜ਼ੀਰ ਦੇ ਲਗ ਆਖੇ,
ਰਾਜਾ ਫੇਰ ਖ਼ੁਸ਼ੀ ਅੰਦਰ ਆਂਵਦਾ ਈ ।
11
ਜ਼ੇ ਜ਼ੁਬਾਨ ਥੀਂ ਰਾਜੇ ਨੇ ਹੁਕਮ ਕੀਤਾ,
ਘਰ ਜਾਹੁ ਸਲਾਮ ਕਰ ਮਾਈਆਂ ਨੂੰ ।
ਜਿਸ ਵਾਸਤੇ ਭੋਰੇ ਦੇ ਵਿਚ ਪਾਇਆ,
ਹੁਣ ਮੋੜ ਨਾ ਖ਼ੁਸ਼ੀਆਂ ਆਈਆਂ ਨੂੰ ।
ਹੁਕਮ ਬਾਪ ਦਾ ਉਠ ਕੇ ਮੰਨ ਤੁਰਦਾ,
ਅਗੇ ਲਾਇ ਲੈਂਦਾ ਨਫ਼ਰਾਂ ਨਾਈਆਂ ਨੂੰ ।
ਕਾਦਰਯਾਰ ਮੈਂ ਸਿਫ਼ਤਿ ਕੀ ਕਰਾਂ ਉਸ ਦੀ,
ਰੰਨਾਂ ਦੇਖ ਭੁਲਾਇਆ ਸਾਈਆਂ ਨੂੰ ।

Read this poem in Roman or شاہ مُکھی

ਕਾਦਰਯਾਰ ਦੀ ਹੋਰ ਕਵਿਤਾ