ਪੂਰਨ ਭਗਤ : ਮਾਂ ਪੁਤਰ ਦਾ ਮੇਲ

ਕਾਦਰਯਾਰ

24
ਮੀਮ ਮਿਲਣ ਆਈ ਮਾਤਾ ਇਛਰਾਂ ਏ,
ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ ।
ਮੇਰੇ ਪੁਤਰ ਦਾ ਬਾਗ਼ ਵੈਰਾਨ ਪਇਆ,
ਫੇਰ ਲਗਾ ਹੈ ਕਰਨ ਆਬਾਦ ਕੋਈ ।
ਮੈਂ ਭੀ ਲੈ ਆਵਾਂ ਦਾਰੂ ਅਖੀਆਂ ਦਾ,
ਪੂਰਨ ਛਡ ਨਾ ਗਿਆ ਸੁਆਦ ਕੋਈ ।
ਕਾਦਰਯਾਰ ਮੈਂ ਤਾਂ ਲਖ ਵਟਨੀ ਹਾਂ,
ਦਾਰੂ ਦੇਇ ਫ਼ਕੀਰ ਮੁਰਾਦ ਕੋਈ ।
25
ਨੂਨ ਨਜ਼ਰ ਕੀਤੀ ਪੂਰਨ ਪਰਤ ਡਿਠਾ,
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ ।
ਅਡੀ ਖੋੜਿਆਂ ਨਾਲ ਬਿਹੋਸ਼ ਹੋਈ,
ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ,
ਰੋਏ ਉਠਿਆ ਹੋਏ ਹੈਰਾਨ ਬੰਦੇ ।
ਕਾਦਰਯਾਰ ਮੀਆਂ ਅਗੋਂ ਉਠ ਪੂਰਨ,
ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ ।
26
ਵਾਉ ਵਰਤਿਆ ਕੀ ਤੇਰੇ ਨਾਲ ਮਾਤਾ,
ਪੂਰਨ ਆਖਦਾ ਦਸ ਖਾਂ ਸਾਰ ਮੈਨੂੰ ।
ਤੇਰੇ ਰੋਂਦੀ ਦੇ ਨੈਨ ਬਿਸੀਰ ਹੋਏ,
ਨਜ਼ਰ ਆਂਵਦਾ ਏ ਅਜ਼ਾਰ ਮੈਨੂੰ ।
ਮਾਤਾ ਆਖਦੀ ਦੁਖ ਨਾ ਫੋਲ ਬੇਟਾ,
ਪਿਆ ਪੁਤਰ ਬੈਰਾਗ ਗੁਬਾਰ ਮੈਨੂੰ ।
ਕਾਦਰਯਾਰ ਬੁਰੇ ਦੁਖ ਪੁਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ ।
27
ਹੇ ਹਥ ਨਹੀਂ ਆਂਵਦੇ ਮੋਏ ਮਾਤਾ,
ਪੂਰਨ ਆਖਦਾ ਮਾਤਾ ਤੂੰ ਰੋਇ ਨਾਹੀ ।
ਅਰਜਨ ਦਾਸ ਜਹੇ ਢਾਹੀਂ ਮਾਰ ਗਏ,
ਬਣਿਆ ਇਕ ਅਭਿਮਨੋ ਕੋਇ ਨਾਹੀ ।
ਕੈਨੂੰ ਨਹੀਂ ਲਗੇ ਸਲ ਪੁਤਰਾਂ ਦੇ,
ਮਾਤਾ ਤੂੰ ਦਲਗੀਰ ਭੀ ਹੋਇ ਨਾਹੀ ।
ਕਾਦਰਯਾਰ ਦਿਲੇਰੀਆਂ ਦੇਇ ਪੂਰਨ,
ਗ਼ਮ ਖਾਹ ਮਾਏ ਖਫਤਨ ਹੋਇ ਨਾਹੀ ।
28
ਲਾਮ ਲਈ ਅਵਾਜ਼ ਪਛਾਣ ਮਾਤਾ,
ਸਚ ਆਖ ਬੇਟਾ ਕਿਥੋਂ ਆਇਆ ਹੈਂ ।
ਕਿਹੜਾ ਮੁਲਖ ਤੇਰਾ ਕੈਂਧਾ ਪੁਤਰ ਹੈਂ ਤੂੰ,
ਕਿਹੜੀ ਮਾਇ ਕਰਮਾਂ ਵਾਲੀ ਜਾਇਆ ਹੈਂ ।
ਅਖੀਂ ਦਿਸੇ ਤਾਂ ਸੂਰਤੋਂ ਲਭ ਲਵਾਂ,
ਬੋਲੀ ਵਲੋਂ ਤਾਂ ਪੁਤਰ ਪਰਤਾਇਆ ਹੈਂ ।
ਕਾਦਰਯਾਰ ਆਖੇ ਦਸ ਭੇਤ ਮੈਨੂੰ,
ਜਾਂ ਮੈਂ ਭੁਲੀ ਜਾਂ ਰੱਬ ਮਿਲਾਇਆ ਹੈਂ ।
29
ਅਲਫ਼ ਆਖਦਾ ਪੂਰਨ ਭੁਲ ਨਾਹੀਂ,
ਤੂੰ ਤਾਂ ਬੈਠ ਕੇ ਸਮਝ ਕਰ ਸਾਰ ਮੇਰੀ ।
ਟਿਲਾ ਮੁਲਖ ਤੇ ਪੁਤ੍ਰ ਨਾਥ ਦਾ ਹਾਂ,
ਏਹ ਯੋਗ ਕਮਾਵਨੀ ਕਾਰ ਮੇਰੀ ।
ਮੁੱਢੋਂ ਸ਼ਹਿਰ ਉਜੈਨ ਬਰਾਦਰੀ ਦੇ,
ਰਾਜਬੰਸੀਆਂ ਦੀ ਦੁਨੀਆਂਦਾਰ ਮੇਰੀ ।
ਕਾਦਰਯਾਰ ਸਲਵਾਹਨ ਦਾ ਪੁਤ੍ਰ ਹਾਂ ਮੈਂ,
ਪੂਰਨ ਨਾਮ ਤੇ ਜ਼ਾਤ ਪਰਿਆਰ ਮੇਰੀ ।
30
ਯੇ ਯਾਦ ਨਾ ਮਾਤਾ ਨੂੰ ਗ਼ਮ ਰਿਹਾ,
ਪੜਦੇ ਬੇ ਦੀਦੇ ਸੜ ਕੇ ਖੁਲ੍ਹ ਗਏ ।
ਪੂਰਨ ਵੇਖਦੀ ਨੂੰ ਥਣੀਂ ਦੁੱਧ ਪਿਆ,
ਧਾਰ ਮੁਖ ਪਰਨਾਲੜੇ ਚਲ ਗਏ ।
ਉਹਨੂੰ ਉਠ ਕੇ ਸੀਨੇ ਦੇ ਨਾਲ ਲਾਇਆ,
ਰਬ ਸੁਖ ਦਿਤੇ ਦੁਖ ਭੁਲ ਗਏ ।
ਕਾਦਰਯਾਰ ਮੀਆਂ ਮਾਈ ਇਛਰਾਂ ਦੇ,
ਸ਼ਾਨ ਸ਼ੌਕਤ ਸਭੇ ਹੋਰ ਭੁਲ ਗਏ ।

1
ਅਲਫ਼ ਆਪ ਖੁਦਾਇ ਮਿਲਾਇਆ ਹੈ,
ਪੂਰਨ ਬਾਰ੍ਹੀਂ ਵਰ੍ਹੀਂ ਫੇਰ ਮਾਪਿਆਂ ਨੂੰ ।
ਨਾਲੇ ਮਾਤਾ ਨੂੰ ਅਖੀਆਂ ਦਿਤੀਆਂ ਸੂ,
ਨਾਲੇ ਲਾਲ ਦਿਤਾ ਇਕਲਾਪਿਆਂ ਨੂੰ ।
ਰਾਜਾ ਰੋਇ ਕੇ ਜੀ ਉਨ ਗਲ ਮਿਲਿਆ,
ਪਛੋਤਾਂਵਦਾ ਬਚਨ ਅਲਾਪਿਆਂ ਨੂੰ ।
ਕਾਦਰਯਾਰ ਕਹਿੰਦਾ ਪੂਰਨ ਭਗਤ ਉਹਨਾਂ,
ਪਛੋਤਾਵੋ ਨਾ ਵਕਤ ਵਿਹਾਪਿਆਂ ਨੂੰ ।
2
ਬੇ ਬਹੁਤ ਹੋਈ ਪਰੇਸ਼ਾਨ ਲੂਣਾ,
ਪੂਰਨ ਵੇਖਦੀ ਨੂੰ ਚੜ੍ਹ ਤਾਪ ਜਾਇ ।
ਰੂਹ ਸਿਆਹ ਹੋਈ ਪੜਦੇ ਜੋਤਿ ਚਲੀ,
ਜ਼ਿਮੀਂ ਵਿਹਲ ਨਾ ਦੇਇ ਸੂ ਛਪ ਜਾਇ ।
ਪੂਰਨ ਨਜ਼ਰ ਕੀਤੀ ਲੂਣਾ ਖਲੀ ਪਿਛੇ,
ਲੋਕ ਪਾਸ ਆਵਨ ਚੜ੍ਹ ਧੁਪ ਜਾਇ ।
ਕਾਦਰਯਾਰ ਜੋ ਜੋ ਮਥਾ ਟੇਕਦਾ ਹੈ,
ਲੂਣਾ ਨਾਲ ਹੈਰਾਨਗੀ ਖਪਿ ਜਾਇ ।
3
ਤੇ ਤੂੰ ਨਾ ਹੋ ਗ਼ਮਨਾਕ ਮਾਇ,
ਪੂਰਨ ਆਖਦਾ ਲੁਣਾ ਨੂੰ ਬਾਲ ਹੋਈ ।
ਤੇਰੇ ਵਸ ਨਹੀਂ ਸੁਣਦਾ ਕੋਲ ਰਾਜਾ,
ਪਿਛਲਾ ਰਖੀਂ ਨਾ ਖਾਬ ਖਿਆਲ ਕੋਈ ।
ਦਾਵਨਗੀਰ ਮੈਂ ਆਪਣੇ ਬਾਪ ਦਾ ਹਾਂ,
ਜਿਸ ਪੁਛਿਆ ਨਹੀਂ ਹਵਾਲ ਕੋਈ,
ਕਾਦਰਯਾਰ ਜੇਹੀ ਮੇਰੇ ਬਾਪ ਕੀਤੀ,
ਐਸੀ ਕੌਣ ਕਰਦਾ ਪੁਤਰ ਨਾਲ ਕੋਈ ।
4
ਸੇ ਸਾਬਤੀ ਇਕ ਨਾ ਗਲ ਚਲੇ,
ਰਾਜਾ ਘਟ ਲਥਾ ਸ਼ਰਮਿੰਦਗ਼ੀ ਥੋਂ ।
ਦਿਲੋਂ ਜਾਣਦਾ ਮੈਥੋਂ ਕੀ ਵਰਤਿਆ ਸੀ,
ਸਾਹਿਬ ਵਲ ਹੋਇਆ ਇਹਦੀ ਜ਼ਿੰਦਗੀ ਥੋਂ ।
ਦਰਗਾਹ ਵਿਚ ਜੁਆਬ ਕੀ ਕਰਾਂਗਾ ਮੈਂ,
ਕੰਮ ਮੂਲ ਨਾ ਹੋਇਆ ਪਸਿੰਦਗੀ ਥੋਂ ।
ਕਾਦਰਯਾਰ ਸਲਵਾਹਨ ਦਾ ਉਸ ਵੇਲੇ,
ਰੰਗ ਜ਼ਰਦ ਹੋਇਆ ਸ਼ਰਮਿੰਦਗ਼ੀ ਥੋਂ ।

Read this poem in Roman or شاہ مُکھی

ਕਾਦਰਯਾਰ ਦੀ ਹੋਰ ਕਵਿਤਾ