ਪੂਰਨ ਭਗਤ

ਗੋਰਖ ਨੂੰ ਸਿਆਲਕੋਟ ਦਾ ਹਾਲ ਦੱਸਣਾ

17
ਜ਼ੋਇ ਜਦੋਂ ਪਹਿਲੋਂ ਓਥੇ ਜਾਇ ਵੜਿਆ,
ਡਿੱਠਾ ਬਾਗ਼ ਵੈਰਾਨ ਉਜਾੜ ਹੋਇਆ ।
ਇਕ ਬ੍ਰਿਛ ਦੇ ਹੇਠ ਮੈਂ ਜਾਇ ਬੈਠਾ,
ਪਰ ਉਹ ਭੀ ਸੀ ਨਾਥ ਜੀ ਸੁਕਾ ਹੋਇਆ ।
ਨਾਮ ਸਿਮਰ ਕੇ ਆਪ ਦਾ ਛਿੱਟਾ ਦਿਤਾ,
ਜੜ੍ਹਾਂ ਸੇਤੀ ਉਹ ਗੁਰੂ ਜੀ ਹਰਾ ਹੋਇਆ ।
ਕਾਦਰਯਾਰ ਸਭ ਬਾਗ਼ ਗੁਲਜ਼ਾਰ ਹੋਇਆ,
ਧੁੰਮੀਂ ਖ਼ਲਕ ਤੇ ਸ਼ਹਰ ਵਹੀਰ ਹੋਇਆ ।
18
ਐਨ ਆਇ ਉਥੇ ਲੋਕ ਅਰਜ਼ ਕਰਦੇ,
ਲਗੇ ਆਪਣੇ ਅਰਥ ਸੁਣਾਵਣੇ ਨੂੰ ।
ਮਿਹਰਬਾਨਗੀ ਆਪ ਦੀ ਨਾਲ ਸਾਈਆਂ,
ਅਰਥੀ ਅਰਥ ਲਗੇ ਤਦੋਂ ਪਾਵਣੇ ਨੂੰ ।
ਸੁਣਿਆ ਰਾਜੇ ਤੇ ਰਾਣੀ ਦੇ ਸਹਿਤ ਆਇਆ,
ਦਿਲੋਂ ਲੋਚੇ ਮੁਰਾਦ ਦੇ ਪਾਵਣੇ ਨੂੰ ।
ਕਾਦਰਯਾਰ ਮੈਂ ਅਦਬ ਤਾਂ ਬਹੁਤ ਕੀਤਾ,
ਪਿਤਾ ਜਾਣ ਕੇ ਜੀਉ ਡਰਾਵਣੇ ਨੂੰ ।
19
ਗ਼ੈਨ ਗ਼ਮ ਦੇ ਨਾਲ ਮੂੰਹੋਂ ਬੋਲਿਆ ਈ,
ਸਲਵਾਹਨ ਰਾਜਾ ਸ਼ਰਮਾਇ ਕੇ ਜੀ ।
ਅਸੀਂ ਲੋਕ ਸੰਸਾਰੀ ਹਾਂ ਦੁਖਾਂ ਭਰੇ,
ਤੁਸੀਂ ਸਾਧ ਤਪੱਸੀ ਪ੍ਰੀਤ ਭਾਇ ਕੇ ਜੀ ।
ਅਸਾਂ ਆਖਿਆ ਅਰਥ ਕਹੁ ਆਪਣਾ ਤੂੰ,
ਰਾਜਾ ਰੋਇਆ ਦਰਦ ਸੁਣਾਇ ਕੇ ਜੀ ।
ਕਾਦਰਯਾਰ ਬੁਲਾਏ ਕੇ ਆਖਿਆ ਮੈਂ,
ਇਕ ਪੁਤਰ ਹੋਸੀ ਘਰ ਆਇਕੇ ਜੀ ।
20
ਫੇ ਫੇਰ ਰਾਣੀ ਮੂੰਹੋਂ ਸਚ ਕਹਿਆ,
ਪੂਰਨ ਪੁਤਰ ਇਹਦੇ ਘਰ ਜੰਮਿਆ ਸੀ ।
ਨਾਲ ਤੁਹਮਤਾਂ ਮੈਂ ਮਰਵਾਇ ਦਿਤਾ,
ਰਾਜਾ ਸੁਣ ਕੇ ਗਲ ਨੂੰ ਕੰਬਿਆ ਸੀ ।
ਫੇਰ ਕਿਹਾ ਮੈਂ ਰਾਜਿਆ ਬਖ਼ਸ਼ ਏਨੂੰ,
ਘਰ ਪੁਤਰ ਹੋਗੁ ਰਾਜਾ ਥੰਮਿਆ ਸੀ ।
ਕਾਦਰਯਾਰ ਤਦੋਂ ਰਾਣੀ ਇਛਰਾਂ ਦਾ,
ਦਰਸ ਕੀਤਾ ਜਿਹਦਾ ਜੀਓ ਗੰਮਿਆ ਸੀ ।
21
ਕਾਫ਼ ਕਰਮ ਹੋਏ ਤਦੋਂ ਇਛਰਾਂ ਦੇ,
ਰਬ ਓਸ ਨੂੰ ਨਾਥ ਜੀ ਨੈਨ ਦਿਤੇ ।
ਦੇਖ ਸੂਰਤ ਮੇਰੀ ਤਦੋਂ ਰੋਣ ਲਗੀ,
ਬਚਾ ਛਡ ਕੇ ਜਾਈਂ ਨਾ ਵਲ ਕਿਤੇ ।
ਮੈਨੂੰ ਤਰਸਦੀ ਨੂੰ ਰੱਬ ਮੇਲਿਆ ਹੈ,
ਰਬ ਲਿਖੇ ਸੇ ਪੂਰਨਾ ਭਾਗ ਮਥੇ ।
ਕਾਦਰਯਾਰ ਕਹਿਆ ਮੈਂ ਫੇਰ ਮਿਲਸਾਂ,
ਤਦੋਂ ਤੁਰ ਕੇ ਆਇਆ ਹਾਂ ਵਲ ਇਥੇ ।
22
ਕਾਫ਼ ਕੁਫ਼ਰ ਥੀਂ ਗੁਰੂ ਜੀ ਖ਼ੌਫ਼ ਆਵੇ,
ਜਿਹੜਾ ਹੁਕਮ ਕਰੋ ਸੋਈ ਕਰੇ ਚੇਲਾ ।
ਜੇ ਕਰ ਕਹੋ ਤਾਂ ਧੂਣੀਆਂ ਤਾਪਾਂ ਇਥੇ,
ਜੇ ਕਰ ਕਹੋ ਕਰਾਂ ਤਪ ਵਿਚ ਬੇਲਾ ।
ਮੇਰਾ ਬਚਨ ਹੈ ਨਾਥ ਜੀ ਨਾਲ ਮਾਤਾ,
ਤੇਰੀ ਕਿਰਪਾ ਜੋ ਹੋਇ ਤਾਂ ਹੋਇ ਮੇਲਾ ।
ਕਾਦਰਯਾਰ ਦਿਆਲ ਹੋ ਗੁਰੂ ਕਹਿੰਦਾ,
ਬਚਾ ਚਲਾਂਗੇ ਨਾਲ ਲੈ ਸਭ ਡੇਰਾ ।
23
ਲਾਮ ਲਦ ਅਸਬਾਬ ਸਭ ਸਾਧ ਚਲੇ,
ਚੜ੍ਹੇ ਪਰਬਤਾਂ ਦੇ ਉਪਰ ਜਾਇ ਭਾਈ ।
ਕੋਈ ਜੰਗਲਾਂ ਦੇ ਵਿਚ ਨਾਮ ਜਪਦਾ,
ਕੋਈ ਕਰੇ ਤਪੱਸਿਆ ਕਠਨ ਭਾਈ ।
ਨਾਮ ਸਾਈਂ ਦਾ ਜਾਪਦੇ ਦਿਨੇ ਰਾਤੀਂ,
ਇਕ ਸਾਸ ਨਾ ਦਣੇ ਭੁਲਾਇ ਭਾਈ ।
ਕਾਦਰਯਾਰ ਸਾਧ ਖੁਦਾਇ ਦੇ ਜੀ,
ਕਰ ਕੇ ਕਰਮ ਦਿੰਦੇ ਬੰਨੇ ਲਾਇ ਭਾਈ ।
24
ਮੀਮ ਮਲ ਬੈਠੇ ਨੀ ਸਾਧ ਡੇਰੇ,
ਚਰਚਾ ਕਰਨ ਜੋ ਜੋਗ ਧਿਆਨ ਦੀ ਜੀ ।
ਸੁੱਧ ਰੂਪ ਦਾ ਕਰਦੇ ਜਾਪ ਸਾਰੇ,
ਮਾਇਆ ਤਜੀ ਹੈ ਦੇਸ਼ ਜਹਾਨ ਦੀ ਜੀ,
ਪੂਰਨ ਦੇਖ ਕੇ ਗੁਰਾਂ ਦੀ ਚਾਲ ਸਾਰੀ,
ਰੁਚ ਰਹੀ ਹੈ ਵਿਚ ਜਹਾਨ ਦੀ ਜੀ ।
ਕਾਦਰਯਾਰ ਤਦੋਂ ਫੇਰ ਆਖਦਾ ਈ,
ਗੁਰੂ ਸੁਣੀਏ ਬਾਤ ਨਿਦਾਨ ਦੀ ਜੀ ।