ਪੂਰਨ ਭਗਤ

ਪੂਰਨ ਦਾ ਲੂਣਾ ਨੂੰ ਮਿਲਣ ਜਾਣਾ

12
ਸੀਨ ਸ਼ਹਿਰ ਆਇਆ ਘਰ ਮਾਈਆਂ ਦੇ,
ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ ।
ਜਿਸ ਜਾਇਆ ਓਸ ਨੂੰ ਮਾਨ ਵੱਡਾ,
ਮਥਾ ਟੇਕਣਾ ਅਬਲਾ ਮਾਤਰਾਂ ਨੂੰ ।
ਰਾਣੀ ਲੂਣਾਂ ਦੇ ਮਹਿਲ ਨੂੰ ਰਵਾਂ ਹੋਇਆ,
ਅੰਦਰ ਜਾਇ ਵੜਿਆ ਪੁਤਰ ਖਾਤਰਾਂ ਨੂੰ ।
ਕਾਦਰਯਾਰ ਬਹਾਲ ਕੇ ਨਫ਼ਰ ਪਿਛੇ,
ਪੌੜੀ ਚੜ੍ਹਿਆ ਮੱਥਾ ਟੇਕਨ ਮਾਤਰਾਂ ਨੂੰ ।
13
ਸ਼ੀਨ ਸ਼ੌਕ ਦੇ ਨਾਲ ਜੋ ਭਗਤ ਪੂਰਨ,
ਮੱਥਾ ਟੇਕਣ ਮਤਰੇਈ ਨੂੰ ਜਾਉਂਦਾ ਜੀ ।
ਅਗੇ ਲੰਘ ਕੇ ਸਾਹਮਣੇ ਖੜਾ ਹੁੰਦਾ,
ਹੱਥ ਬੰਨ੍ਹ ਕੇ ਸੀਸ ਨਿਵਾਉਂਦਾ ਜੀ ।
ਸੂਰਤ ਵੇਖ ਕੇ ਹੋਇ ਬੇਤਾਬ ਗਈ,
ਹੋਰ ਕੁਝ ਨਾਹੀ ਨਜ਼ਰ ਆਉਂਦਾ ਜੀ ।
ਕਾਦਰਯਾਰ ਜੋ ਲੂਣਾ ਦੇ ਦਿਲ ਅੰਦਰ,
ਆਣ ਪਾਪ ਜੋ ਘੇਰੜਾ ਪਾਉਂਦਾ ਜੀ ।
14
ਸੁਵਾਦ ਸਿਫ਼ਤ ਨਾ ਹੁਸਨ ਦੀ ਜਾਇ ਝੱਲੀ,
ਰਾਣੀ ਦੇਖ ਕੇ ਪੂਰਨ ਨੂੰ ਤੁਰਤ ਮੁਠੀ ।
ਸੂਰਤ ਨਜ਼ਰ ਆਈ ਰਾਜਾ ਭੁਲ ਗਿਆ,
ਸਿਰ ਪੈਰ ਤਾਈਂ ਅੱਗ ਭੜਕ ਉਠੀ ।
ਦਿਲੋਂ ਪੁਤਰ ਨੂੰ ਯਾਰ ਬਣਾਇਆ ਸੂ,
ਉਸ ਦੀ ਸਾਬਤੀ ਦੀ ਵਿਚੋਂ ਲਜ ਟੁਟੀ ।
ਕਾਦਰਯਾਰ ਤਰੀਮਤ ਹੈਂਸਿਆਰੀ,
ਲਗੀ ਵੇਖ ਵਗਾਵਣੇ ਨਦੀ ਪੁਠੀ ।
15
ਜ਼ੁਆਦ ਜ਼ਰਬ ਤੇ ਜ਼ੋਰ ਦੇ ਨਾਲ ਰਾਜਾ,
ਅੰਦਰ ਲੰਘ ਕੇ ਰਾਜ ਮਹਲ ਜਾਇ ।
ਹੱਥ ਬੰਨ੍ਹ ਕੇ ਸਾਹਮਣੇ ਖੜਾ ਹੁੰਦਾ,
ਮੱਥਾ ਟੇਕਣਾ ਹਾਂ ਮੇਰੀ ਧਰਮ ਮਾਇ ।
ਅਗੋਂ ਦੇਵਣਾ ਉਸ ਪਿਆਰ ਸਾਈ,
ਸਗੋਂ ਦੇਖ ਰਾਣੀ ਮੱਥੇ ਵਟ ਪਾਇ ।
ਕਾਦਰਯਾਰ ਖਲੋਇ ਕੇ ਦੇਖ ਅਖੀਂ,
ਚੜ੍ਹਿਆ ਕਹਿਰ ਚਰਿਤ੍ਰ ਜੋ ਵਰਤ ਜਾਇ ।
16
ਤੋਇ ਤਾਲਿਆ ਮੇਰਿਆ ਘੇਰ ਆਂਦਾ,
ਲੂਣਾ ਆਪ ਦਲੀਲਾਂ ਦੇ ਫ਼ਿਕਰ ਬੰਨ੍ਹੇ ।
ਮੈਂ ਵੀ ਸੁਰਗ ਪਰਾਪਤੀ ਥੀਵਨੀ ਹਾਂ,
ਪੂਰਨ ਭਗਤ ਜੇ ਆਖਿਆ ਇਕ ਮੰਨੇ ।
ਲਗੀ ਦੇਣ ਲੰਗਾਰ ਅਸਮਾਨ ਤਾਈਂ,
ਉਹਦੀ ਸਾਬਤੀ ਦੇ ਵਿਚੋਂ ਥੰਮ੍ਹ ਭੰਨੇ ।
ਕਾਦਰਯਾਰ ਤਰੀਮਤ ਹੈਂਸਿਆਰੀ,
ਭੰਨਣ ਲੂਣ ਲਗੀ ਵਿਚ ਥਾਲ ਛੰਨੇ ।