ਪੂਰਨ ਭਗਤ

ਪੂਰਨ ਤੇ ਲੂਣਾ ਦੀ ਗੱਲਬਾਤ

17
ਜ਼ੋਇ ਜ਼ਾਹਰਾ ਆਖਦੀ ਸ਼ਰਮ ਕੇਹੀ,
ਮਾਈ ਮਾਈ ਨਾ ਰਾਜਿਆ ਆਖ ਮੈਨੂੰ ।
ਕੁਖੇ ਰਖ ਨਾ ਜੰਮਿਓ ਜਾਇਓ ਵੇ,
ਮਾਤਾ ਆਖਨਾ ਹੈਂ ਕਿਹੜੇ ਸਾਕ ਮੈਨੂੰ ।
ਹੋਗੁ ਉਮਰ ਤੇਰੀ ਮੇਰੀ ਇਕ ਰਾਜਾ,
ਗੁਝਾ ਲਾਇਆ ਈ ਦਰਦ ਫ਼ਿਰਾਕ ਮੈਨੂੰ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਰ ਚਲਿਓਂ ਮਾਰ ਹਲਾਕ ਮੈਨੂੰ ।
18
ਐਨ ਅਰਜ਼ ਕਰਦਾ ਸ਼ਰਮਾਇ ਰਾਜਾ,
ਮਾਇ ਸੁਖਨ ਅਵਲੜੇ ਬੋਲ ਨਾਹੀ ।
ਮਾਵਾਂ ਪੁਤਰਾਂ ਨੇਹੁੰ ਨਾ ਕਦੇ ਲਗਾ,
ਜਗ ਵਿਚ ਮੁਕਾਲਖਾ ਘੋਲ ਨਾਹੀ ।
ਸੀਨੇ ਨਾਲ ਲਗਾਇ ਕੇ ਰੱਖ ਮੈਨੂੰ,
ਪੁਤਰ ਜਾਣ ਮਾਏ ਦਿਲੋਂ ਡੋਲ ਨਾਹੀ ।
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੀ,
ਸਾਈਂ ਬਾਝ ਦੂਜਾ ਕੋਈ ਕੋਲ ਨਾਹੀ ।
19
ਗ਼ੈਨ ਗ਼ਮ ਨਾ ਜਾਣਦੀ ਖ਼ੌਫ਼ ਖ਼ਤਰਾ,
ਲੂਣਾ ਉਠ ਕੇ ਪਕੜਦੀ ਆਨ ਚੋਲਾ ।
ਇਕ ਵਾਰ ਤੂੰ ਬੈਠ ਪਲੰਘ ਉਤੇ,
ਕਰਾਂ ਮਿਨਤ ਤੇਰੀ ਸੁਣ ਅਰਜ਼ ਗੋਲਾ ।
ਪਰੀ ਜੇਹੀ ਮੈਂ ਇਸਤ੍ਰੀ ਅਰਜ਼ ਕਰਾਂ,
ਜਾ ਤੂੰ ਮਰਦ ਨਾਹੀ ਕੋਈ ਹੈ ਭੋਲਾ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਸੇਜ ਮਾਨ ਮੇਰੀ ਜਿੰਦ ਜਾਨ ਢੋਲਾ ।
20
ਫੇ ਫੇਰ ਕਹਿਆ ਗੁਸੇ ਹੋਇ ਪੂਰਨ,
ਤੈਨੂੰ ਵਗ ਕੀ ਗਈ ਹੈ ਬਾਣ ਮਾਏ ।
ਜਿਹਦੀ ਇਸਤ੍ਰੀ ਓਹੀ ਹੈ ਬਾਪ ਮੇਰਾ,
ਤਿਸ ਦੀ ਤੁਖਮ ਥੀਂ ਜੰਮਿਆ ਜਾਨ ਮਾਏ ।
ਗਲਾਂ ਇਹੋ ਜਹੀਆਂ ਜਦੋਂ ਹੋਣ ਗੀਆਂ,
ਪੁਠੀ ਹੋਗੁ ਜ਼ਿਮੀਂ ਅਸਮਾਨ ਮਾਏ ।
ਕਾਦਰਯਾਰ ਮੀਆਂ ਪੂਰਨ ਦੇ ਮਤੀਂ,
ਕਿਧਰ ਗਿਆ ਈ ਅਜੁ ਧਿਆਨ ਮਾਏ ।
21
ਕਾਫ਼ ਕਹਿਰ ਕਰਾ ਨਾ ਪੂਰਨਾ ਵੇ,
ਆਖੇ ਲਗ ਜਾ ਜੇ ਭਲਾ ਚਾਹਨਾ ਏਂ ।
ਝੋਲੀ ਅਡ ਮੈਂ ਖਲੀ ਹਾਂ ਪਾਸ ਤੇਰੇ,
ਹੈਂਸਿਆਰਿਆ ਖ਼ੈਰ ਨਹੀਂ ਪਾਉਨਾ ਏਂ ।
ਕੁਛੜ ਬੈਠ ਮੰਮਾ ਕਦੋਂ ਚੁੰਘਿਆ ਏ,
ਐਵੇਂ ਕੂੜ ਦੀ ਮਾਉਂ ਬਣਾਵਣਾ ਏਂ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਿਉਂ ਗਰਦਨੀ ਖੂਨ ਰਖਾਵਨਾ ਏਂ ।
22
ਕਾਫ਼ ਕਹੇ ਪੂਰਨ ਸੁਣੀ ਸਚੁ ਮਾਤਾ,
ਤੇਰੇ ਪਲੰਘ ਤੇ ਪੈਰ ਨਾ ਮੂਲ ਧਰਸਾਂ ।
ਅਖੀਂ ਫੇਰ ਕੇ ਮੂਲ ਨਾ ਨਜ਼ਰ ਕਰਾਂ,
ਮੈਂ ਤਾਂ ਸੂਲੀ ਤੇ ਚੜ੍ਹਨ ਕਬੂਲ ਕਰਸਾਂ ।
ਕੰਨੀ ਖਿਚ ਕੇ ਅੰਦਰੋਂ ਬਾਹਰ ਆਇਆ,
ਕਹਿੰਦਾ ਧਰਮ ਗਵਾਇ ਕੇ ਕੀ ਮਰਸਾਂ ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਤੇਰੇ ਲਹੂ ਦਾ ਪੂਰਨਾ ਘੁਟ ਭਰਸਾਂ ।