ਪੂਰਨ ਭਗਤ

ਰਾਜੇ ਦੀ ਪੂਰਨ ਨਾਲ ਗੱਲ ਬਾਤ ਤੇ ਕਤਲ ਦਾ ਹੁਕਮ

1
ਅਲਫ਼ ਆਓ ਖਾਂ ਪੂਰਨਾ ਕਹੇ ਰਾਜਾ,
ਬੱਚਾ ਨਿਜ ਤੂੰ ਜਮਿਉਂ ਜਾਇਉਂ ਵੇ ।
ਜੇ ਮੈਂ ਜਾਣਦਾ ਮਾਰਦਾ ਤਦੋਂ ਤੈਨੂੰ,
ਜਦੋਂ ਭੋਹਰੇ ਪਾਲਣਾ ਪਾਇਉਂ ਵੇ ।
ਸੀਨੇ ਲਾਇਓ ਈ ਪੂਰਨਾ ਦਾਗ ਮੇਰੇ,
ਰਖੇ ਪੈਰ ਪੁਠੇ ਘਨੇ ਚਾਇਉਂ ਵੇ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਘਰ ਕੀ ਕਰਤੂਤ ਕਰ ਆਇਉਂ ਵੇ ।
2
ਬੇ ਬਹੁਤ ਹੋਇਆ ਕਹਿਵਾਨ ਰਾਜਾ,
ਰਤੋ ਰਤ ਮਥਾ ਚਮਕੇ ਵਾਂਗ ਖੂਨੀ ।
ਕਹਿੰਦਾ ਦੂਰ ਹੋ ਪੂਰਨਾ ਅਖੀਆਂ ਥੀਂ,
ਟੰਗੂੰ ਲਿੰਗ ਚਿਰਾਇ ਕੇ ਚਵੀਂ ਕੰਨੀ ।
ਜਦੋਂ ਮੈਂ ਵਿਆਹ ਦੀ ਗਲ ਕੀਤੀ,
ਤਦੋਂ ਰੋਣ ਲਗੋਂ ਧਰ ਹਥ ਕੰਨੀ ।
ਕਾਦਰਯਾਰ ਕਹਿੰਦਾ ਸਲਵਾਹਨ ਰਾਜਾ,
ਹੁਣ ਕੀਤੀ ਆ ਮਾਓਂ ਪਸੰਦ ਵੰਨੀ ।
3
ਤੇ ਤੁਹਮਤ ਅਜ਼ਗੈਬ ਦੀ ਬੁਰੀ ਹੁੰਦੀ,
ਪੂਰਨ ਘਤ ਊਂਧੀ ਰੁੰਨਾ ਜ਼ਾਰ ਜ਼ਾਰੀ ।
ਕਹਿੰਦਾ ਵਸ ਨਾ ਬਾਬਲਾ ਕੁਝ ਮੇਰੇ,
ਤੁਹਾਡੀ ਮਾਪਿਆਂ ਦੀ ਗਈ ਮਤ ਮਾਰੀ ।
ਹੋਰ ਕਿਸੇ ਦਾ ਕੁਝ ਨਾ ਜਾਵਣਾ ਈ,
ਮੈਨੂੰ ਮਾਰ ਰਾਜਾ ਤੇਰੀ ਬੁੱਧ ਮਾਰੀ ।
ਕਾਦਰਯਾਰ ਜੇ ਕੋਲ ਉਗਾਹ ਹੁੰਦੇ,
ਕਹਿੰਦੇ ਖੋਲ੍ਹ ਹਕੀਕਤਾਂ ਤੁਰਤ ਸਾਰੀ ।
4
ਸੇ ਸਾਬਤੀ ਮੇਰੀ ਤੂੰ ਵੇਖ ਰਾਜਾ,
ਇਕ ਤੇਲ ਦਾ ਪੂਰਾ ਕੜਾਹ ਤਾਵੋ ।
ਤਪੇ ਤੇਲ ਜਾਂ ਅੱਗ ਦੇ ਵਾਂਗ ਹੋਵੇ,
ਇਕ ਦਸਤ ਮੇਰਾ ਪਕੜ ਵਿਚ ਪਾਵੋ ।
ਸਚ ਨਿਤਰੇ ਸਚਿਆਂ ਝੂਠਿਆਂ ਦਾ,
ਅਖੀਂ ਵੇਖ ਕੇ ਕੁਝ ਕਲੰਕ ਲਾਵੋ ।
ਕਾਦਰਯਾਰ ਜੇ ਉਂਗਲੀ ਦਾਗ਼ ਲਗੇ,
ਫੇਰ ਕਰੋ ਮੈਨੂੰ ਜਿਹੜੀ ਤਬਾਹ ਚਾਵੋ ।
5
ਜੀਮ ਜੋਸ਼ ਆਇਆ ਸਲਵਾਹਨ ਰਾਜੇ,
ਅਗੋਂ ਉਠ ਕੇ ਇਕ ਚਪੇੜ ਮਾਰੀ ।
ਕਹਿੰਦਾ ਫੇਰ ਬਰੋਬਰੀ ਬੋਲਣਾ ਹੈਂ,
ਕਰੇਂ ਗ਼ਜ਼ਬ ਹਰਾਮੀਆਂ ਐਡ ਕਾਰੀ ।
ਅਖੀਂ ਦੇਖ ਨਿਸ਼ਾਨੀਆਂ ਆਇਆ ਮੈਂ,
ਤੇਰੇ ਦਿਲ ਦੀ ਪੂਰਨਾ ਗੱਲ ਸਾਰੀ ।
ਕਾਦਰਯਾਰ ਗੁਨਾਹ ਨਾ ਦੋਸ਼ ਕੋਈ,
ਪੂਰਨ ਘਤ ਰੋਂਦਾ ਊਂਧੀ ਜ਼ਾਰ ਜ਼ਾਰੀ ।
6
ਹੇ ਹੁਕਮ ਨਾ ਫੇਰਦਾ ਕੋਈ ਅਗੋਂ,
ਪਰੇਸ਼ਾਨ ਸਾਰਾ ਪਰਵਾਰ ਹੋਇਆ ।
ਥਰ ਥਰ ਕੰਬਦੇ ਮਹਿਲ ਤੇ ਮਾੜੀਆਂ ਨੇ,
ਕਹਿਰਵਾਨ ਜਦੋਂ ਸਰਦਾਰ ਹੋਇਆ ।
ਕਰੇ ਸਦ ਕੇ ਹੁਕਮ ਜਲਾਦੀਆਂ ਨੂੰ,
ਧੁੰਮੀ ਖ਼ਬਰ ਨਗਰੀ ਹਾਹਾਕਾਰ ਹੋਇਆ ।
ਕਾਦਰਯਾਰ ਵਜ਼ੀਰ ਨੂੰ ਦੇਇ ਗਾਲੀਂ,
ਤੇਰੀ ਅਕਲ ਕਿਹੜੀ ਦਰਕਾਰ ਹੋਇਆ ।