ਰੰਜ ਖਿਲਰੇ ਨੇਂ ਮਲਾਲ ਖਿਲਰੇ ਨੇਂ

ਰੰਜ ਖਿਲਰੇ ਨੇਂ ਮਲਾਲ ਖਿਲਰੇ ਨੇਂ

ਕੋਹਾਂ ਤੀਕਰ ਸਵਾਲ ਖਿਲਰੇ ਨੇਂ

ਸੋਚ ਧੁਖਦੀ ਏ ਹਰਫ਼ ਹਰਫ਼ ਅੰਦਰ

ਧੁੱਵਾਂ, ਧੁੱਵਾਂ ਖ਼ਿਆਲ ਖਿਲਰੇ ਨੇਂ

ਚੁੱਪ ਸੁੱਤੀ ਏ ਇੰਜ ਕਬਰਾਂ ਤੇ

ਜਿਵੇਂ ਝੱਲੀ ਦੇ ਵਾਲ਼ ਖਿਲਰੇ ਨੇਂ

ਇਥੇ ਚਿੜੀਆਂ ਨੇ ਚੁਗ ਚੁਗਣੀ ਕੀ

ਕਿੰਨੇ ਰੰਗਾਂ ਦੇ ਜਾਲ਼ ਖਿਲਰੇ ਨੇਂ

ਆਦਮੀ ਕੀ ਏ ਢੇਰ ਮਲਬੇ ਦਾ

ਰੂਹਾਂ ਅੰਦਰ ਭੁਚਾਲ ਖਿਲਰੇ ਨੇਂ