ਉਨ੍ਹਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ

See this page in :  

ਉਨ੍ਹਾਂ ਨੇ ਜੀ ਆਇਆਂ ਕਹਿਣ ਦਾ ਢੰਗ ਮਿਸਾਲੀ ਰੱਖਿਆ ।
ਦਿਨ ਵੇਲੇ ਵੀ ਬੂਹੇ ਅੱਗੇ, ਦੀਵਾ ਬਾਲੀ ਰੱਖਿਆ ।

ਆਪਣੇ ਘਰ ਦਾ ਭੇਤ ਕਦੇ ਵੀ, ਦੱਸਿਆ ਨਹੀਂ ਦੂਜੇ ਨੂੰ,
ਅੰਦਰੋਂ ਟੁੱਟੇ ਪਰ ਚਿਹਰੇ ਦਾ, ਖ਼ੌਲ ਸੰਭਾਲੀ ਰੱਖਿਆ ।

ਚਾਰ-ਚੁਫ਼ੇਰੇ ਸਾਰੇ ਪਿੰਡ, ਉਜਾੜੇ ਜਿਸ ਦੇ ਕਦਮਾਂ,
ਉਹਨੂੰ ਅਸਾਂ ਵੰਗਾਰ ਕੇ ਆਪਣੇ, ਬਾਗ਼ ਦਾ ਮਾਲੀ ਰੱਖਿਆ ।

ਦੁਨੀਆਂ ਦੇ ਦੋ ਪਾਸੜ ਦੰਦਿਆਂ, ਦੇ ਵਿਚ ਉਮਰ ਗੁਜ਼ਾਰੀ,
ਅੱਖੀਆਂ ਅੱਗੇ ਪਰ ਫੁੱਲਾਂ ਦਾ ਰੂਪ-ਖ਼ਿਆਲੀ ਰੱਖਿਆ ।

ਲੋਕਾਂ ਨੂੰ ਏਸੇ ਧਰਤੀ ਤੇ, ਹਰ ਨੇਅਮਤ ਦੇ ਦਿੱਤੀ,
ਸਾਨੂੰ ਨਵੇਂ ਜਹਾਨਾਂ ਦੇ ਵਾਅਦੇ ਤੇ ਟਾਲੀ ਰੱਖਿਆ ।

ਉਹ ਸ਼ਹਿਰ ਦੇ ਸਭ ਤੋਂ ਸਸਤੇ, ਹੋਟਲ ਦੇ ਵਿਚ ਟਿਕਿਆ,
ਜਿਸ ਲਈ ਘਰ ਦਾ ਸਭ ਤੋਂ ਮਹਿੰਗਾ ਕਮਰਾ ਖ਼ਾਲੀ ਰੱਖਿਆ ।

ਡੁੱਬਣ ਪਿੱਛੋਂ ਰਓਫ਼ ਕਿਸੇ ਨੇ, ਯਾਦ ਨਾ ਉਸ ਨੂੰ ਕੀਤਾ,
ਜਿਹੜੇ ਸੂਰਜ ਦੀ ਰੁਸ਼ਨਾਈ, ਸ਼ਹਿਰ ਉਜਾਲੀ ਰੱਖਿਆ ।

ਰਊਫ਼ ਸ਼ੇਖ਼ ਦੀ ਹੋਰ ਕਵਿਤਾ