ਅੱਲਾਹ ਦੇ ਘਰ ਘੱਲੋ ਦਾਣੇ

ਚੜ੍ਹੀ ਵਿਸਾਖੀ
ਵਾਢੇ ਬੈਠੇ
ਪੱਕੀ ਕਣਕ ਵਢੀਚਣ ਲੱਗੀ
ਤਿੱਖੀ ਧੁੱਪੇ ਭਰੀਆਂ ਬੱਝੀਆਂ
ਅੱਧੀ ਰਾਤ ਗਵ੍ਹੀਚਣ ਲੱਗੀ
ਕਹਿਣ ਖੁਦਾ ਦਾ ਹਿੱਸਾ ਘੱਲੋ
ਵਿਚ ਮਸੀਤਾਂ ਦੇ ਮਲਵਾਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਦਾਣੇ ਯਾਂ ਫਿਰ ਪੈਸੇ ਘੱਲੋ
ਜੋ ਵੀ ਜੀਅ ਕਰਦਾ ਏ ਘੱਲੋ
ਰੱਬ ਦੇ ਘਰ ਵਿਚ ਹਿੱਸਾ ਪਾਓ
ਜੋ ਵੀ ਪੁੱਜਦਾ ਸਰਦਾ ਏ ਘੱਲੋ
ਰੱਬ ਦੇ ਘਰ ਦੇ ਹਮਸਾਏ ਦੇ
ਭਾਵੇਂ ਭੁੱਖੇ ਸੌਣ ਨਿਆਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਫਰਸ਼ ਪੁਰਾਣਾ ਪੁੱਟ ਮਸਜਿੱਦ ਦਾ
ਛੇਤੀ ਕਰੀਏ ਨਵਾਂ ਲਵਾਈਏ
ਕੰਧਾਂ ਨਾਲ ਵੀ ਸੰਗੇ ਮਰਮਰ
ਯਾ ਚੀਨੀ ਦੀਆਂ ਟਾਇਲਾਂ ਲਾਈਏ
ਬੰਦੇ ਪਏ ਕੁੱਲੇ ਨੂੰ ਤਰਸਣ
ਰੱਬ ਪਿਆ ਮਹਿਲੀਂ ਮੌਜਾਂ ਮਾਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਚੌਧਰੀ, ਹੱਕ ਮੁਜਾਰੇ ਦਾ ਵੀ
ਮਸਜਿੱਦ ਦੇ ਵਿਚ ਦੇ ਜਾਏ ਭਾਵੇਂ
ਮੀਆਂ ਜੀ ਉਹਨੂੰ ਬਹਾ ਦਿੰਦੇ ਨੇ
ਜੱਨਤ ਦੇ ਵਿਚ ਠੰਡੀ ਛਾਵੇਂ
ਕਣਕ ਤੋ ਸਾਵੀਂ ਜ਼ਨਤ ਵੇਚੇ
ਵੇਖੋ ਮੁੱਲਾ ਹਾਸੇ ਭਾਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਜਿਸ ਘਰੋਂ ਨਾਂ ਦਾਣੇ ਆਏ
ਉਸ ਘਰ ਅਸੀਂ ਆਪ ਜਾਵਾਂਗੇ
ਪੰਜ ਸੱਤ ਬੰਦੇ ਕੱਠੇ ਹੋਕੇ
ਉਸ ਦਾ ਬੂਹਾ ਖੜਕਾਵਾਂਗੇ
ਮੁੱਲਾ ਦੇ ਐਲਾਨ ਤੋਂ ਮੈਂ ਜਹੇ
ਕਈ ਬਹਿ ਗਏ ਹੋ ਨਿੰਮੋਝਾਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਜੁਮਾਂ ਪੜਨ ਸਾਂ ਗਿਆ ਮਸੀਤੇ
ਵਾਜ਼ ਹੋਈ ਮੁੱਲਾ ਫ਼ਰਮਾਇਆ
ਸਾਫੇ ਦੀ ਇਕ ਝੋਲੀ ਲੈਕੇ
ਚੰਦੇ ਦੇ ਲਈ ਬੰਦਾ ਆਇਆ
ਖਾਲੀ ਖੀਸੇ ਲੱਗਾ ਸਾਬਰ
ਰੱਬ ਦੇ ਘਰ ਨਈਂ ਆਇਆ ਠਾਣੇ
ਅੱਲਾਹ ਦੇ ਘਰ ਘੱਲੋ ਦਾਣੇ
ਭਾਵੇਂ ਅੱਲਾਹ ਨੇ ਨਈਂ ਖਾਣੇ
ਅੱਲਾਹ ਦੇ ਘਰ ਘੱਲੋ ਦਾਣੇ

ਹਵਾਲਾ: ਇਕੋ ਸਾਹੇ; ਸਫ਼ਾ 103