ਤੇਰੇ ਇਕ ਇਸ਼ਾਰੇ ਤੇ

ਸਾਬਰ ਅਲੀ ਸਾਬਰ

ਤੇਰੇ ਇਕ ਇਸ਼ਾਰੇ ਤੇ
ਕੋਈ ਜ਼ਿੰਦਗੀ ਵਾਰੇ ਤੇ

ਚਾਰੇ ਤੜਫ਼ੇ ਲਾਰੇ ਤੇ
ਚੰਨ ਚਾਨਣੀ ਤਾਰੇ ਤੇ

ਸੂਰਜ ਡੁੱਬ ਕੇ ਮਰ ਜਾਏਗਾ
ਜੇ ਤੂੰ ਵਾਲ਼ ਖਿਲਾਰੇ ਤੇ

ਤੇ ਬੰਦੇ ਵਿਚ ਅੱਲ੍ਹਾ ਏ
ਬੰਦਾ ਬੰਦਾ ਮਾਰੇ ਤੇ?

ਚੌਦਾ ਤਬਕ ਸੀ ਦਿਲ ਅੰਦਰ
ਕਬਜ਼ਾ ਕੀਤਾ ਈ ਸਾਰੇ ਤੇ

ਦੁਨੀਆ ਪਾਗਲ ਕੀਹਨਦੀ ਏ
ਸੋਚਾਂ ਦੁਨੀਆ ਬਾਰੇ ਤੇ

ਸੋਚ ਸੁਹਾਗਣ ਹੋ ਜਾਂਦੀ ਏ
ਜਜ਼ਬੇ ਹੋਵਣ ਕੁੰਵਾਰੇ ਤੇ

ਕਿਸਮਤ ਹਾਰ ਈ ਜਾਂਦੀ ਏ
ਬੰਦਾ ਹਿੰਮਤ ਹਾਰੇ ਤੇ

ਮੈਂ ਸਾਬਰ ਨਹੀਂ ਰਹਿ ਸਕਦਾ
ਜ਼ਾਲਮ ਕੋਈ ਵੰਗਾਰੇ ਤੇ

Read this poem in Roman or شاہ مُکھی

ਸਾਬਰ ਅਲੀ ਸਾਬਰ ਦੀ ਹੋਰ ਕਵਿਤਾ