ਧੀ ਦੇ ਬਾਲਾਂ ਵਿੱਚ ਉੱਗੀ ਚਾਂਦੀ ਵੇਖ ਕੇ
ਮਾਂ ਸਿਆਣੀ ਕਮਲੀ ਹੋਈ
ਤੇ ਇੰਝ ਢੈਅ ਪਈ
ਜਿਵੇਂ ਭੁਰਭਰੀ ਇੱਟ ਦੀ ਕੰਧ
ਫ਼ਿਰ ਹਿੰਮਤ ਕੀਤੀ
ਸਿਖ਼ਰ ਦੁਪਹਿਰ ਚਰਖ਼ਾ ਡਾਇਆ
ਪੂਣੀਆਂ ਵੱਟ ਵੱਟ ਢੇਰ ਸੀ ਲਾਇਆ
ਸ਼ਾਮਾਂ ਤੀਕਰ ਵੀ ਦਾਜ ਨਾ ਬਣਿਆ
ਸੋਚਾਂ ਦੀ ਮਾਲ ਟੁੱਟ ਗਈ
ਆਸਾਂ ਦਾ ਤੱਕਲਾ ਹੱਥ ਵਿੱਚ ਚੁੱਭਿਆ
ਦੀਵੇ ਦੀ ਲੋਅ ਨੇ ਮੈਨੂੰ
ਬੱਸ ਇਹ ਵਿਖਾਇਆ
ਮਾਂ ਲੀੜਾ ਮੂੰਹ ਤੇ ਰੱਖ ਕੇ ਇੰਝ ਰੋਈ
ਜਿਵੇਂ ਸਾਡੇ ਘਰ ਵਿੱਚ ਕੋਈ
ਜਿਊਂਦਾ ਮੋਇਆ