ਵੇ ਹਿਜਰਾ !

ਵੇ ਹਿਜਰਾ !
ਉਚੇਰੇ ਰੁੱਖ ਤੇ
ਦੋ ਪੰਖੂਆਂ ਦੇ ਗੀਤ ਸੁਣਦੇ
ਵਿਛੋੜੇ ਯਾਰ ਦੇ ਪੁਣਨਾ ਮੈਨੂੰ ਸਿਖਾ !
ਵੇ ਹਿਜਰਾ !
ਅੱਜ ਸ਼ੀਸ਼ੇ ਵਿੱਚੋਂ
ਮੈਂ ਖ਼ੁਦ ਨੂੰ ਤੱਕਿਆ
ਸਧਰਾਂ ਸੂਲੀ ਚੜ੍ਹੀਆਂ ਮਿਲੀਆਂ
ਵੇ ਹਿਜਰਾ !
ਉਹਦੀ ਯਾਦ ਵਿਚ ਰੁੱਝੀ
ਬਸ ਇਕ ਝਾਤ ਦੇ ਦਰਸ਼ਨ ਲਈ
ਮੈਂ ਆਪਣਾ ਆਪ ਗਵਾਇਆ
ਵੇ ਹਿਜਰਾ !
ਅੱਜ ਕੰਨਾਂ ਨੇ ਇਕ ਹੌਕਾ ਭਰਿਆ
ਕੰਬਣ ਲੱਗੀ ਜਿੰਦ ਨਿਮਾਣੀ
ਵੇ ਹਿਜਰਾ !
ਉਹਦੀ ਯਾਦ ਵਿਚ
ਅੱਜ ਵੀ ਰੋਂਦੀ ਮੇਰੇ ਪੈਰ ਦੀ ਜ਼ੰਜੀਰ
ਵੇ ਹਿਜਰਾ !
ਅਸਾਂ ਪਿਆਰ ਦੇ ਬੋਲਾਂ ਉੱਤੇ ਮਰਦੇ ਰਹੇ
ਰੀਤਾਂ ਇਸ਼ਕ ਦੀਆਂ ਨਿਭਾਉਂਦੇ ਰਹੇ
ਉਹਨਾ ਜ਼ਹਿਰ ਪਿਆਲੇ ਧਰੇ
ਅਸਾਂ ਚੁੱਪ ਚੁਪੀਤੇ ਪੀਂਦੇ ਰਹੇ
ਵੇ ਹਿਜਰਾ !
ਸੱਪਾਂ ਨਾਲ ਯਾਰੀ ਲਾ ਕੇ
ਆਸ ਸ਼ਹਿਦ ਦੀ ਪਾਲਦੇ ਰਹੇ
ਸਾਡੀ ਕਪਾਹ ਦੇ ਉਨ੍ਹਾ ਫੰਦੇ ਬਣਾਏ
ਫੰਦੇ ਸਾਡੇ ਗਲ ਪਾਏ
ਸਾਨੂੰ ਕੰਡਿਆਂ ਉੱਤੇ ਘਸੀਟਦੇ ਰਹੇ
ਅਸਾਂ ਹੱਸਦੇ ਰਹੇ ਤੇ
ਫ਼ਰਜ਼ ਸਨ ਮੁਹੱਬਤਾਂ ਜਿਹੜੀਆਂ
ਅਸਾਂ ਚੁੱਪ ਚਾਪ ਨਿਭਾਂਦੇ ਰਹੇ