ਸੂਰਜ ਚੰਨ ਸਿਤਾਰੇ ਰੋਵਣ

ਸੂਰਜ ਚੰਨ ਸਿਤਾਰੇ ਰੋਵਣ
ਤੂੰ ਰੋਵੇਂ ਤੇ ਸਾਰੇ ਰੋਵਣ

ਤਾਰਾ ਲੇਖ ਦਾ ਅਰਸ਼ੋਂ ਟੁੱਟਿਆ
ਲੋਕੀ ਤਖ਼ਤ ਹਜ਼ਾਰੇ ਰੋਵਣ

ਸਾਡੇ ਘਰ ਦੀ ਖ਼ਵਾਹਿਸ਼ ਮਰ ਗਈ
ਸਾਡੇ ਦਲ ਦੇ ਤਾਰੇ ਰੋਵਣ

ਸ਼ੋਹ ਖਾਵੇ ਦਰਿਆ ਵਿਚ ਗੋਤੇ
ਦੂਰੋਂ ਵੇਖ ਕਿਨਾਰੇ ਰੋਵਣ

ਹੱਕ ਮਿਟਾਵਣ ਖ਼ਾਤਿਰ ਜਿਹੜੇ
ਭਖ਼ਦੇ ਰਹੇ ਅੰਗਿਆਰੇ ਰੋਵਣ

ਕਿਸਮਤ ਦੀ ਦਹਿਲੀਜ਼ ਤੇ ਬਹਿ ਕੇ
ਕਿਸਮਤ ਦੇ ਧੁਕਾਰੇ ਰੋਵਣ

ਇਕ ਦੂਜੇ ਦੇ ਅਮਲਾਂ ਵੱਲੇ
ਵੇਖ ਕੇ ਉਥੇ ਸਾਰੇ ਰੋਵਣ

ਮੈਨੂੰ ਰੋਂਦਾ ਵੇਖ ਸਗ਼ੀਰਾ
ਅੱਧੀ ਰਾਤੀਂ ਤਾਰੇ ਰੋਵਣ