ਇਕ ਇਕ ਕਮਰਾ ਨੌ ਨੌ ਜੀ

ਇਕ ਇਕ ਕਮਰਾ ਨੌ ਨੌ ਜੀ
ਜਾਈਏ ਕਿਧਰ? ਕਰੀਏ ਕੀ

ਹਾਜਤ ਲਈ ਮੈਂ ਲੈਣ ਬਣਾਈ,ਘੰਟੇ ਮਗਰੋਂ ਵਾਰੀ ਆਈ
ਵਾਰੀ ਮੇਰੀ ਲੇਟ ਲਵਾਈ, ਫ਼ਾਕੇ ਖ਼ੂਨ ਜਿਗਰ ਦਾ ਪੀ
ਇਕ ਇਕ ਕਮਰਾ ਨੌ ਨੌ ਜੀ

ਬਿਜਲੀ ਦਾ ਬਿੱਲ ਦੂਣਾ ਆਇਆ, ਨਲਕੇ ਦਾ ਬਿੱਲ ਦੂਣ ਸਵਾਇਆ
ਬਿਲ ਗੈਸ ਦਾ ਨਾਲ਼ ਕਿਰਾਇਆ, ਇਕ ਮੰਜੀ ਦੀ ਟੁੱਟ ਗਈ ਹੀ
ਇਕ ਇਕ ਕਮਰਾ ਨੌ ਨੌ ਜੀ

ਪਾਉ ਆਲੂ ਤੇ ਲੰਮਾ ਸ਼ੋਰਾ, ਘਰ ਵਾਲੀ ਨੂੰ ਲੱਗਾ ਝੋਰਾ
ਬੁਰਕੀ ਡਿੱਗਦੀ ਭੋਰਾ ਭੋਰਾ, ਬਰਕਤ ਵੇਖੀ ਡੀਪੂ ਦੀ
ਇਕ ਇਕ ਕਮਰਾ ਨੌ ਨੌ ਜੀ

ਭੈਣ ਭਣੇਵੇਂ ਪੈ ਗਈ ਛੱਤੀਂ, ਬਾਊ ਮਾਮੇ ਤੇ ਛਕ ਨਹੀਂ ਦਿੱਤੀ
ਏਸ ਵਰ੍ਹੇ ਵੀ ਸ਼ਰਤ ਨਾ ਜਿੱਤੀ, ਪੁੱਤਰ ਮੰਗਿਆ ਹੋ ਪਈ ਧੀ
ਇਕ ਇਕ ਕਮਰਾ ਨੌ ਨੌ ਜੀ

ਘਿਓ ਮਹਿੰਗਾ ਰਮਜ਼ਾਨ 'ਚ ਆਟਾ, ਆੜ੍ਹਤੀਆਂ ਦਾ ਮੋਟਾ ਗਾਟਾ
ਮਾੜੇ ਨੂੰ ਹਰ ਪਾਸਿਓਂ ਘਾਟਾ, ਦੋ ਈਦਾਂ ਤੇ ਰੋਜ਼ੇ ਤੀਹ
ਇਕ ਇਕ ਕਮਰਾ ਨੌ ਨੌ ਜੀ

ਇਕ ਕਮਰੇ ਵਿਚ ਦਾਜ ਨੂੰਹਾਂ ਦਾ, ਸੌਹਰਾ ਬਾਹਰ ਤੇ ਰਾਜ ਨੂੰਹਾਂ ਦਾ
ਮੁਕਦਾ ਨਹੀਂ ਕੰਮ ਕਾਜ ਨੂੰਹਾਂ ਦਾ, ਤੀਜੀ ਆਈ ਤੇ ਪੈ ਗਈ ਪੀਹ
ਇਕ ਇਕ ਕਮਰਾ ਨੌ ਨੌ ਜੀ

ਇਕ ਕਮਰਾ ਤੇ ਢੇਰ ਪ੍ਰਾਹੁਣੇ, ਸੌਂਦੇ ਹੋ ਕੇ ਔਣੇ ਪੌਣੇ
ਸਿੱਧੇ ਹੋਣ ਤੇ ਹੋ ਜਾਣ ਚੌਣੇ, ਇਕ ਦੂਜੇ ਨਾਲ਼ ਹੋਏ ਫ਼ਰੀ
ਇਕ ਇਕ ਕਮਰਾ ਨੌ ਨੌ ਜੀ

ਇਕ ਕਮਰੇ ਵਿਚ ਸਤਰ ਨਾ ਰਹਿੰਦਾ, ਪਿਓ ਖੰਘੇ ਤੇ ਪੁੱਤ ਉਠ ਬਹਿੰਦਾ
ਪੁੱਤ ਜਾ ਨੂੰਹ ਤੋਂ ਲੇਖਾ ਲੈਂਦਾ, ਉਸਲਵੱਟੇ ਲੈਂਦੀ ਧੀ
ਇਕ ਇਕ ਕਮਰਾ ਨੌ ਨੌ ਜੀ

ਸਭ ਦਾ ਹੋ ਗਿਆ ਪਰਦਾ ਸਾਂਝਾ, ਵਿਚ ਦਹਿਲੀਜਾਂ ਸੌਂ ਗਿਆ ਰਾਂਝਾ
ਪੰਜ ਛੇ ਬਾਲ ਲਿਆਇਆ ਭਾਣਜਾ, ਤੰਗ ਵਿਹੜੇ ਤੇ ਬੰਦੇ ਵੀਹ
ਇਕ ਇਕ ਕਮਰਾ ਨੌ ਨੌ ਜੀ

ਹਰ ਨੁੱਕਰੇ ਇਕ ਸ਼ੋਰ ਸ਼ਰਾਬਾ, ਬਹੁਤੇ ਬਾਲ ਨਾ ਮੰਨਦੇ ਦਾਬਾ
ਹੱਥ ਅਠਾਰਾਂ ਇਕ ਵੇ ਛਾਬਾ, ਤਿੰਨ ਪੁੱਤਰ ਤੇ ਧੀਆਂ ਛੀ
ਇਕ ਇਕ ਕਮਰਾ ਨੌ ਨੌ ਜੀ

ਜੀ ਪੀ ਫ਼ੰਡ ਲੈ ਲੇਫ਼ ਬਣਾਏ, ਅਗਲੇ ਸਾਲ ਉਹ ਕੰਮ ਨਾ ਆਏ
ਅਡਵਾਂਸਾਂ ਨੇ ਦਿਲ ਉਦਰਾਏ, ਬਾਕੀ ਰਹਿ ਗਏ ਅੱਠ ਸੌ ਤੀਹ
ਇਕ ਇਕ ਕਮਰਾ ਨੌ ਨੌ ਜੀ
ਜਾਈਏ ਕਿਧਰ ? ਕਰੀਏ ਕੀ?