ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ
ਮਿਠੜੇ ਮਿਠੜੇ ਰਸ ਭਰੀਚੇ
ਮਾਂ ਬੋਲੀ ਦੇ ਬੋਲ

ਮਾਂ ਬੋਲੀ ਵਿਚ ਹੀਰ ਦਾ ਕਿੱਸਾ
ਯੂਸੁਫ਼ ਦੀ ਤਫ਼ਸੀਰ ਦਾ ਕਿੱਸਾ
ਰਾਂਝੇ ਦੀ ਤਕਦੀਰ ਦਾ ਕਿੱਸਾ
ਲਿਖਿਆ ਵਾਰਿਸ ਪੀਰ ਦਾ ਕਿੱਸਾ

ਸੋਹਣੇ ਹਰਫ਼ ਵਰਤੋਂ
ਕਿਤੇ ਨਾ ਆਵੇ ਝੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ

ਜਿੰਨੇ ਪੰਜਾਬਣ ਦੁੱਲਾ ਭੱਟੀ
ਭਰਦਾ ਨਾ ਗ਼ੈਰਾਂ ਦੀ ਚਿੱਟੀ
ਲਾ ਗ਼ੁਲਾਮੀ ਚਾਦਰ ਸਿਟੀ
ਤੋੜ ਦਿੱਤੀ ਅਕਬਰ ਦੀ ਹੱਟੀ

ਸਭ ਰਾਠਾਂ ਨੂੰ ਸਿੱਧੇ ਘੱਲ ਕੇ
ਬੈਠਾ ਦਰ ਨੂੰ ਖੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ

ਇਸ ਰਾਹੀਂ ਬੁੱਲ੍ਹਾ ਯਾਰ ਮਨਾਵੇ
ਕਾਫ਼ੀ ਅੰਗ ਦੇ ਗੀਤ ਸੁਣਾਵੇ
ਬੋਲ ਪੰਜਾਬੀ ਅਰਸ਼ ਹਿਲਾਵੇ
ਸ਼ਿਅਰਾਂ ਰਾਹੀਂ ਗੁਣੀ ਕਹਾਵੇ

ਅਲੱਲਾ ਵਾਲੇ ਬੋਲਣ ਇਹਨੂੰ
ਤੋਂ ਵੀ ਇਹਨੂੰ ਬੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ

ਇਹ ਬੋਲੀ ਰਾਹਕਾਂ ਦੀ ਬੋਲੀ
ਅੰਗਾਂ ਤੇ ਸਾਕਾਂ ਦੀ ਬੋਲੀ
ਹੈਰਾਨ ਤੇ ਚਾਕਾਂ ਦੀ ਬੋਲੀ
ਦੁਨੀਆ ਦੇ ਗਾਹਕਾਂ ਦੀ ਬੋਲੀ

ਲੈ ਨਾ ਜਾਵਣ ਇਹਦੀਆਂ ਜਿਣਸਾਂ
ਵਿਚ ਤਕੜੀ ਦੇ ਤੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ

ਏਸ ਬੋਲੀ ਵਿਚ ਘਿੱਘੀ ਬੋਲੇ
ਯੂਸੁਫ਼ ਦਾ ਦਿਲ ਖੂਹ ਵਿਚ ਡੋਲੇ
ਦੁਖੀ ਜਿੰਦੜੀ ਖਾਏ ਹਿਚਕੋਲੇ
ਨਵੀਂ ਨਵੇਂ ਇਹ ਨੁਕਤੇ ਟੋਲੇ

ਕੀ ਆਹੰਦੀ ਪਈ ਕਰਮਾਂ ਮਾਰੀ?
ਕੌਣ ਕਰੇ ਪੜਚੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ

ਪੰਜਾਬੀ ਬੋਲ ਪੰਜਾਬਣ ਜਾਇਆ
ਧਰਤੀ ਤੇਰੀ ਰਿਜ਼ਕ ਖਿਡਾਇਆ
ਜਿਥੇ ਵੀ ਤੋਂ ਕਦਮ ਟਿਕਾਇਆ
ਤੂੰ ਐਂ ਸਾਰਾ ਜੱਗ ਰਚਾਇਆ

ਦੁਨੀਆ ਨੂੰ ਤੂੰ ਆਪ ਰਜਾਵੀਂ
ਫੜ ਨਾ ਹੱਥ ਕਸ਼ਕੋਲ
ਲੱਖ ਪੰਜਾਬੀ ਪੜ੍ਹ ਪੰਜਾਬੀ
ਬੋਲ ਪੰਜਾਬੀ ਬੋਲ