ਮਿਹਨਤਕਸ਼ ਦਾ ਬੱਚਾ

ਮੈਂ ਇਕ ਮਿਹਨਤਕਸ਼ ਦਾ ਬੱਚਾ, ਮਨ ਦਾ ਸਾਫ਼ ਤੇ ਦਿਲ ਦਾ ਸੱਚਾ
ਮਾਂ ਦਾ ਪੀਤਾ ਦੁੱਧ ਨਾ ਪੂਰਾ ,ਰਹਿ ਗਿਆ ਮੇਰਾ ਜਿਸਮ ਅਧੂਰਾ

ਥੋੜ੍ਹੇ ਦੁੱਧ ਵਿਚ ਪੱਤੀ ਪਾਵੇ, ਲੋਰੀਆਂ ਦੇ ਦੇ ਆਪ ਪਿਲਾਵੇ
ਉਹ ਵੀ ਸੀ ਮਜਬੂਰ ਵਿਚਾਰੀ, ਫ਼ਾਕੇ ਤੰਗੀਆਂ ਭੁੱਖਾਂ ਮਾਰੀ

ਜਦ ਅਪਣਾ ਸੀ ਦੁੱਧ ਪਿਲਾਂਦੀ, ਮੈਂ ਵਧਦਾ ਉਹ ਘਟਦੀ ਜਾਂਦੀ
ਚਾਰ ਗੈਰਾਂ ਦੇ ਕੰਮ ਸੀ ਕਰਦੀ, ਭਾਂਡੇ ਮਾਂਜੇ ਪਾਣੀ ਭਰ ਦੀ

ਮੈਥੋਂ ਵੱਡੀ ਨਾਲ਼ ਲੈਜਾਵੇ, ਤਾਂ ਜੇ ਛੇਤੀ ਕੰਮ ਮੁਕਾਵੇ
ਨਾਲ਼ ਮੈਨੂੰ ਲੈ ਜਾ ਨਾ ਸਕਦੀ ,ਝਿੜਕਾਂ ਝੰਬਾਂ ਤੋ ਸੀ ਝਕਦੀ

ਉਹਦੇ ਤੋਂ ਭਾਂਡੇ ਮੰਜਵਾਵੇ ,ਆਪੇ ਕੱਪੜੇ ਧੋਂਦੀ ਜਾਵੇ
ਮਿਹਨਤਕਸ਼ ਮਜ਼ਦੂਰ ਪਿਓ ਸੀ,ਘਰ ਤੋਂ ਰਹਿੰਦਾ ਦੂਰ ਪਿਓ ਸੀ

ਗੰਦੀ ਜਿਹੀ ਵਸਤੀ ਵਿਚ ਰਹਿਣਾ, ਨਾਲੀਆਂ ਉੱਤੇ ਉਠਣਾ ਬਹਿਣਾ
ਥਾਂ ਥਾਂ ਤੋਂ ਸੀ ਕੁਰਤਾ ਸੀਤਾ, ਜੁੱਸੇ ਦਾ ਲਹੂ ਮੱਛਰਾਂ ਪੀਤਾ

ਵਿਚ ਜਵਾਨੀ ਚਿੱਟਾ ਝਾਟਾ, ਡੁੱਲ੍ਹਿਆ ਜਾਪੇ ਫ਼ਰਸ਼ ਤੇ ਆਟਾ
ਹਰ ਵੇਲੇ ਸੀ ਖੰਘਦਾ ਰਹਿੰਦਾ, ਕਹਿੰਦਾ ਸੀ ਇਹ ਉਠਦਾ ਬਹਿੰਦਾ

ਦਹਾਂ ਸਾਲਾਂ ਦਾ ਹੋ ਓਏ ਪੁੱਤਰਾ! ਸਾਂਵਾਂ ਨਾਲ਼ ਖਲੋ ਓਏ ਪੁੱਤਰਾ!
ਜਦ ਮੈਂ ਚਹੁੰਆਂ ਸਾਲਾਂ ਦਾ ਹੋਇਆ, ਜਾਣ ਲਈ ਸਕੂਲੇ ਰੋਇਆ

ਅੰਮਾਂ ਬਸਤਾ ਫੱਟੀ ਲੈਦੇ, ਪੜ੍ਹਨਾ ਐਂ ਮੈਂ ਪਿਓ ਨੂੰ ਕਹਿ ਦੇ
ਪਰ ਅਬੇ ਨੇ ਫੜਿਆ ਬਾਂਹੋਂ, ਕੁੱਟਦਾ ਲੈ ਗਿਆ ਕੱਚੀ ਰਾਹੋਂ

ਛੱਡ ਅਸਾਂ ਕਿਆ ਪੜ੍ਹ ਕੇ ਲੈਣਾ, ਮਿਹਨਤਕਸ਼ ਦਾ ਮਿਹਨਤ ਗਹਿਣਾ
ਗਾਹਕਾਂ ਤਾਈਂ ਚਾਹ ਫੜਾਵੀਂ, ਟਿੱਪ ਮਿਲੇ ਤੇ ਖੀਸੇ ਪਾਵੀਂ

ਕੁੱਝ ਤੇ ਮੇਰੀਆਂ ਘਟਣ ਸਜ਼ਾਵਾਂ, ਛੋਟੀ ਉਮਰੇ ਘਟਦਾ ਜਾਵਾਂ
ਹੁੰਦੇ ਭਾਵੇਂ ਸੱਤ ਅੰਞਾਣੇ, ਮੈਂ ਸਨ ਸਾਰੇ ਕੰਮ ਤੇ ਪਾਣੇ