ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਲਾਹ ਕੱਪੜੇ ਨੁੱਕਰੀਂ ਸੁੱਟਦਾ ਏ
ਬਾਲਾਂ ਨੂੰ ਫੜ ਫੜ ਕੁੱਟਦਾ ਏ
ਤੜ੍ਹੀਆਂ ਉਹ ਪਿਓ ਨੂੰ ਲਾਂਦਾ ਏ
ਮਾਂ ਦੀ ਉਹ ਗੁਥਲੀ ਲੁਟਦਾ ਏ
ਮਾਂ ਬੱਕਰੀ ਸੀ ਉਹ ਲੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਪੈਸੇ ਬਿਨ ਦਿਲ ਨਾ ਲਗਦਾ ਏ
ਹਰ ਵੇਲੇ ਖਰਚਾ ਮੰਗਦਾ ਏ
ਨਾ ਦੇਈਏ ਖ਼ਤਰਾ ਜੱਗ ਦਾ ਏ
ਨਾ ਗਾਲ਼ਾਂ ਕੱਢਣੋਂ ਸੰਗਦਾ ਏ
ਇਹ ਚੜ੍ਹਿਆ ਨਿੰਮ ਕਰੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਸਮਝੇ ਕਿ ਰਾਂਝਾ ਝੰਗ ਦਾ ਏ,
ਹਰ ਬੂਹੇ ਅੱਗੇ ਖੰਘਦਾ ਏ
ਸੋਹਣਾ ਜਿਹਾ ਰਿਸ਼ਤਾ ਮੰਗਦਾ ਏ,
ਆਕੜ ਕੇ ਗਲਿਓਂ ਲੰਘਦਾ ਏ
ਪਰ ਰਾਂਝੇ ਵਾਂਗੂੰ ਵਿਹਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਗੱਲ ਕੰਨ ਵਿੱਚ ਦੱਸੇ ਭਾਬੀ ਨੂੰ
ਜਿਵੇਂ ਭੌਰਾ ਫੁੱਲ ਗੁਲਾਬੀ ਨੂੰ
ਪਿਆ ਪੱਕਾ ਕਰਦਾ ਲਾਬੀ ਨੂੰ
ਕੀ ਦੱਸੀਏ ਏਸ ਅਜ਼ਾਬੀ ਨੂੰ
ਅੱਜ ਘਰ ਨਾ ਪੈਸਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇਹ ਸਭ ਤੋਂ ਸ਼ੂਕਾ ਬਾਕਾ ਏ
ਸੱਤ ਲੜੀਆ ਜੰਗ ਪਟਾਕਾ ਏ
ਅਜੇ ਬੇਬੇ ਲਈ ਇਹ ਕਾਕਾ ਏ
ਮਮਨੂਆ ਰੈਡ ਇਲਾਕਾ ਏ
ਇਹ ਮੁੰਡਾ ਨਹੀਂ ਧੜਬੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਅੱਖ ਰੱਖੇ ਹਰ ਮੁਟਿਆਰ ਉੱਤੇ,
ਘਰ ਜੀ ਨਾ ਲੱਗੇ ਕਾਰ ਉੱਤੇ
ਰਹਿੰਦਾ ਇਹ ਇਸ਼ਕ ਵੰਗਾਰ ਉੱਤੇ,
ਕੱਟਦਾ ਇਹ ਜਿੰਦੜੀ ਲਾਰ ਉੱਤੇ
ਇਹ ਘਰ ਲਈ ਖੋਟਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹਰ ਕੰਮ 'ਚੋਂ ਕਢਣੇ ਕੀੜੇ ਨੇ,
ਹਰ ਵੇਲੇ ਧੋਤੇ ਲੀੜੇ ਨੇ
ਸੋਨੇ ਦੇ ਲੱਗੇ ਬੇੜੇ ਨੇ,
ਖੀਸੇ ਵਿਚ ਨੋਟ ਨਪੀੜੇ ਨੇ
ਇਹਦੇ ਕਈ ਸਹੇਲੇ ਇਹ ਸਹੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇਹਨੂੰ ਸ਼ੌਕ ਕਬੂਤਰ ਬਾਜ਼ੀ ਏ
ਗੁੱਡੀਆਂ ਪੇਚਾਂ ਦਾ ਗਾਜ਼ੀ ਏ
ਬੜਾ ਰੌਸ਼ਨ ਇਹਦਾ ਮਾਜ਼ੀ ਏ
ਕੋਠੇ ਤੇ ਰਹਿੰਦਾ ਰਾਜ਼ੀ ਏ
ਇਹਨੂੰ ਗਾਮੇ ਬੰਨ੍ਹਿਆ ਸੇਹਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਸੌਦੇ 'ਚੋਂ ਪੈਸੇ ਟੁਕਦਾ ਏ
ਮਨ੍ਹਾ ਕਰੀਏ ਤੇ ਫਿਰ ਰੁਕਦਾ ਏ
ਮੱਥੇ ਤੋਂ ਲਿਟ ਨਾ ਚੁਕਦਾ ਏ
ਮੋਢੇ ਤੋਂ ਥੁੱਕਾਂ ਥੁੱਕਦਾ ਏ
ਇਹ ਘਰ ਲਈ ਖੋਟਾ ਧੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਮੂਰਤ ਤੇ ਦਿਲ ਭਰਮਾਉਂਦਾ ਏ,
ਬਾਰੀ ਚੋਂ ਤਾੜੀ ਲਾਉਂਦਾ ਏ
ਇਹ ਗੀਤ ਹਿਜਰ ਦੇ ਗਾਉਂਦਾ ਏ,
ਘਰ ਵਾਂਗ ਤੂਫ਼ਾਨ ਦੇ ਆਉਂਦਾ ਏ
ਇਕ ਤੇਜ਼ ਸੈਲਾਬੀ ਰੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹੱਥ ਫੇਰ ਕੇ ਮੂੰਹ ਇਹ ਧੋ ਲੈਂਦਾ,
ਘਿਓ ਲੱਗੀ ਰੋਟੀ ਖੋਹ ਲੈਂਦਾ
ਭੈਣਾਂ ਨੂੰ ਗੱਲੀਂ ਮੋਹ ਲੈਂਦਾ,
ਚੰਗੀ ਜਿਹੀ ਬੂਟੀ ਟੋਹ ਲੈਂਦਾ
ਇਹ ਮੁੰਡਾ ਨਹੀਂ ਇਕ ਮੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਹਰ ਜੀ ਤੋਂ ਦੂਣਾ ਖ਼ਰਚਾ ਸੂ,
ਹਰ ਥਾਣੇ ਦੇ ਵਿਚ ਪਰਚਾ ਸੂ
ਖ਼ੌਰੇ ਕਿੱਥੇ ਕਿੱਥੇ ਯਾਰੀ ਸੂ,
ਹਰ ਗਲੀ ਮੁਹੱਲੇ ਚਰਚਾ ਸੂ
ਹਰ ਕੂਚੇ ਇਹਦਾ ਚੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਇੰਗਲਿਸ਼ 'ਚ ਗ਼ਰਾਰੇ ਕਰਦਾ ਏ
ਉਰਦੂ ਚ ਤਰਾਰੇ ਭਰਦਾ ਏ
ਡਿਸਕੋ ਵਿਚ ਡੁੱਬਦਾ ਤਰਦਾ ਏ
ਮਾਂ ਬੋਲੀ ਕੋਲੋਂ ਡਰਦਾ ਏ
ਮਾਂ ਧਰਤੀ ਗੋਦ ਸੌਤੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ
ਵੇਲੇ ਸਿਰ ਮਿੱਠਾ ਹੋ ਜਾਵੇ,
ਕੰਮ ਨਿਕਲੇ ਛੱਪ ਖਲੋ ਜਾਵੇ
ਨੈਣਾਂ ਦੇ ਬੂਹੇ ਢੋ ਜਾਵੇ,
ਗ਼ਰਜ਼ਾਂ ਦਾ ਬੰਦਾ ਹੋ ਜਾਵੇ
ਬੰਦ ਹਰੀ ਛੈਲ ਦਾ ਕੇਲਾ ਏ
ਜਿਹੜਾ ਮੁੰਡਾ ਘਰ 'ਚੋਂ ਵਿਹਲਾ ਏ
ਉਹ ਸਭ ਤੋਂ ਹੀ ਅਲਬੇਲਾ ਏ