ਹੁਣੇ ਹੁਣੇ

ਹੁਣੇ ਹੁਣੇ ਮੈਂ ਭਰਿਆ ਏ ਘੱਟ
ਨਿੱਕੀਆਂ ਨਿੱਕੀਆਂ ਸੱਧਰਾਂ ਦਾ
ਹੁਣੇ ਹੁਣੇ ਮੈਂ ਵੇਖਿਆ ਏ ਮੰਜ਼ਰ
ਨਵੀਆਂ ਨਵੀਆਂ ਕਬਰਾਂ ਦਾ

ਹੁਣੇ ਹੁਣੇ ਈ ਸੀ ਚਾਨਣ ਟੁਰਿਆ
ਇੰਨਾ ਹਨੇਰੀ ਬੁੱਕਲ ਚੋਂ
ਹੁਣੇ ਹੁਣੇ ਈ ਸ਼ਾਮ ਦੀ ਲਾਲੀ
ਨਕਲੀ ਕਾਲੇ ਬਦਲ ਚੋਂ

ਹੁਣੇ ਹੁਣੇ ਹੈ ਸਾਂਭ ਲਿਆ
ਇੱਕ ਰੁੱਖ ਨੇ ਆਪਣੀਆਂ ਛਾਂਵਾਂ ਨੂੰ
ਹੁਣੇ ਹੁਣੇ ਇੱਕ ਰੱਤਾ ਸੂਰਜ
ਦੇ ਗਿਆ ਓਟ ਨਿਗਾਹਵਾਂ ਨੂੰ

ਹੁਣੇ ਹੁਣੇ ਮੈਂ ਵੇਖ ਰਿਹਾ ਸਾਂ
ਉੱਚੇ ਜਿਹੇ ਇੱਕ ਖੰਡਰ ਨੂੰ
ਹੁਣੇ ਹੁਣੇ ਮੈਂ ਤੌਬਾ ਕੀਤੀ
ਵੇਖ ਕੇ ਆਪਣੇ ਅੰਦਰ ਨੂੰ