ਨਾਲ਼ ਸੱਜਣ ਦੇ ਰਹੀਏ ਵੋ

ਰਹੀਏ ਵੋ! ਰਹੀਏ ਵੋ! ਨਾਲ਼ ਸੱਜਣ ਦੇ ਰਹੀਏ ਵੋ

ਲੱਖ ਲੱਖ ਬਦੀਆਂ, ਤੇ ਸੌ ਤਾਨੇ, ਸਭੁ ਸਿਰ ਤੇ ਸਹੀਏ ਵੋ
ਤੋੜੇ ਸਿਰਵੰਜੇ ਧੜ ਨਾਲੋਂ, ਤਾਂ ਭੀ ਹਾਲ ਨਾ ਕਹੀਏ ਵੋ
ਸੁਖ਼ਨ ਜਿਨਹਾਂ ਦਾ ਹੋਵੇ ਦਾਰੂ, ਹਾਲ ਉਥਾਈਂ ਕਹੀਏ ਵੋ
ਚੰਦਨ ਰੁੱਖ ਲੱਗਾ ਵਿਚ ਵਿਹੜੇ, ਜ਼ੋਰ ਧਗਾਨੇ ਖਹੀਏ ਵੋ
ਕਹੇ ਹੁਸੈਨ ਫ਼ਕੀਰ ਸਾਈਂ ਦਾ, ਜਿਉਂਦਿਆਂ ਮਰ ਰਹੀਏ ਵੋ

ਹਵਾਲਾ: ਕਾਫ਼ੀਆਂ ਸ਼ਾਹ ਹੁਸੈਨ, ਮੁਹੰਮਦ ਆਸਿਫ਼ ਖ਼ਾਨ; ਪਾਕਿਸਤਾਨ ਪੰਜਾਬੀ ਅਦਬੀ ਬੋਰਡ ਲਾਹੌਰ; ਸਫ਼ਾ 76 ( ਹਵਾਲਾ ਵੇਖੋ )