ਕਲਿਜੁਗ, ਕਿ ਸਤਜੁਗ

ਭੁੱਲੀ ਦੁਨੀਆਂ ਐਵੇਂ ਕਲਜੁਗ ਕਲਜੁਗ ਕੂਕਦੀ
ਮੈਨੂੰ ਸਤਜੁਗ ਆਉਂਦਾ ਦੀਹਦਾ ਵਿਚ ਜਹਾਨ ਦੇ

ਜਿਹੜਾ ਆਦਮ ਇਕ ਦਿਨ ਖੱਡਾਂ ਦੇ ਵਿਚ ਰਹਿੰਦਾ ਸੀ
ਉਹਦੇ ਪੁੱਤਰ ਉਡਦੇ ਫਿਰਦੇ ਵਿਚ ਅਸਮਾਨ ਦੇ

ਨਜ਼ਰਾਂ ਲੈਂਦੇ ਸੀ ਜੋ ਕਰਾਮਾਤ ਦੇ ਮਾਣ 'ਤੇ
ਹੱਥ ਬੰਨ੍ਹ ਖਲੇ ਦੇਵਤੇ ਅੱਗੇ ਸਾਇੰਸਦਾਨ ਦੇ

ਭੁੱਲੇ ਲੋਕੀਂ ਇਕ ਦਿਨ ਵਿਹਲੜ ਨੂੰ ਸੀ ਪੂਜਦੇ
ਚੰਗੇ ਕਾਮੇ ਨੂੰ ਅਜ ਸਮਝਦਾਰ ਸਨਮਾਨ ਦੇ

ਦੁਨੀਆਂ ਭੇਖਾਂ ਦੀ ਥਾਂ ਅਮਲਾਂ ਵੱਲੇ ਵਿੰਹਦੀ ਏ
ਜਾਂਦੇ ਅਰਥ ਬਦਲਦੇ ਦਿਨ ਦਿਨ ਧਰਮ ਈਮਾਨ ਦੇ

ਮਾਲਾ ਵਾਲੇ ਦੀ ਥਾਂ ਇੱਜ਼ਤ ਅੱਜ ਮਜ਼ਦੂਰ ਦੀ
ਚੱਲੇ ਬਦਲ ਨਜ਼ਰੀਏ ਆਦਮ ਦੀ ਸੰਤਾਨ ਦੇ

ਇਕ ਦਿਨ ਪੇਸ਼ ਹੋਣਗੇ ਫਟੀਆਂ ਲੀਰਾਂ ਸਾਮ੍ਹਣੇ
ਫਿਰਦੇ ਰੇਸ਼ਮ ਵਿਚ ਜੋ ਚੇਲੇ ਲੁਕੇ ਸ਼ੈਤਾਨ ਦੇ

ਜਿੰਨ੍ਹਾਂ ਕੁੱਲੀਆਂ ਵਿਚ ਨਾ ਸੂਰਜ ਡਰਦਾ ਝਾਕਦਾ
ਇਕ ਦਿਨ ਮਹਿਲ ਹੋਣਗੇ ਓਥੇ ਸ਼ਾਹੀ ਸ਼ਾਨ ਦੇ

ਇਕ ਦਿਨ ਲਾਲੋ ਘਰ ਵੀ ਭੋਗ ਪਦਾਰਥ ਹੋਣਗੇ
ਹੋਸਣ ਦੂਰ ਭੁਲੇਖੇ ਭਾਗੋ ਦੇ ਪੁੰਨ ਦਾਨ ਦੇ

ਰੱਬ ਦਾ ਰੂਪ ਸਮਝ ਇਨਸਾਨ ਮਿਲੂ ਇਨਸਾਨ ਨੂੰ
ਦਰਸ਼ਨ ਬੰਦੇ ਵਿਚੋਂ ਹੋਵਣਗੇ ਭਗਵਾਨ ਦੇ

ਪੂਰੇ ਬੋਲ ਹੋਣਗੇ ਆਖ਼ਰ ਬਾਬੇ ਨਾਨਕ ਦੇ
ਦੁਨੀਆਂ ਸੁਰਗ ਬਣੇਗੀ ਵੱਸਣ ਯੋਗ ਇਨਸਾਨ ਦੇ

ਚਾਨਣ ਹੋ ਜੂ ਸੀਤਲ ਫੈਲੂ ਧਰਮ ਅਕਾਲ ਦਾ
ਪਰਦੇ ਦੂਰ ਹੋਣਗੇ ਭਰਮ ਅਤੇ ਅਗਿਆਨ ਦੇ