ਜੰਗਲ ਦੇ ਵਿਚ ਭੌਂਦਾ ਫਿਰਦਾ, ‘ਲੇਲੀ ਲੇਲੀ' ਕਰਦਾ
ਲੇਲੀ ਦਾ ਜੋ ਨਾਮ ਸੁਣਾਵੇ, ਸਿਰ ਕਦਮਾਂ ਤੇ ਧਰਦਾ।

ਹਥ ਵਿਚ ਤਸਬੀ, ਤਿਲਕ ਮਥੇ ਤੇ, ਨਾ ਪੰਡਤ ਨਾ ਹਾਜੀ
‘ਲੇਲੀ ਹੂ' ਦੀ ਬਾਂਗ ਪੁਕਾਰੇ, ਲੇਲੀ ਨਾਮ ਉਚਰਦਾ।

ਤਕ ਉਸ ਇਸ਼ਕ ਦੀਵਾਨੇ ਤਾਂਈ, ਜਾਹਿਦ ਦਿਲ ਵਿਚ ਸੋਚੇ
‘ਪਹਿਰਾਵਾ ਸੂਫੀ ਦਾ ਜਾਪੇ, ਕੰਮ ਕਰੇ ਕਾਫਰ ਦਾ’।

ਪੁੱਛਣ ਲੱਗਾ, “ ਓ ਮਜਨੂੰ ! ਓ ਲੇਲੀ ਦੇ ਦੀਵਾਨੇ
ਛੱਡ ਖੁਦਾ ਨੂੰ ਬੁੱਤਾਂ ਅੱਗੇ, ਕਿਓਂ ਤੂੰ ਸਿਜਦੇ ਕਰਦਾ" ।

“ਕੌਣ ਖੁਦਾ ? ਤੇ ਕਿੱਥੇ ਵਸਦੈ ?” ਮੋੜ ਕਿਹਾ ਆਸ਼ਕ ਨੇ
“ਮੈਂ ਤਾਂ ਇਕ ਲੇਲੀ ਨੂੰ ਜਾਣਾ ਭੇਤੀ ਨਹੀਂ ਈਸ਼ਰ ਦਾ”।

ਜਾਹਿਦ ਕਿਹਾ, “ਰਬ ਹਰ ਜ਼ੱਰੇ ਵਿਚ ਹਰ ਰੰਗ ਦੇ ਵਿਚ ਵਸਦੈ”
“ਲੈਲੀ ਵਿਚ ਵੀ ਵਸਦੈ?” “ਹਾਂ ਸਭ ਨੂਰ ਉਸੇ ਅਨਵਰ ਦ ”।

“ਤਾਂ ਨਾ ਵਰਜ” ਕਿਹਾ ਮਜਨੂੰ ਨੇ, “ਲੈਲੀ ਨਾਮ ਜਪਣ ਦੇ
ਮਿਲ ਪਏਗਾ ਰਬ ਆਪੇ, ਜਿਸ ਦਿਨ ਮੇਲ ਹੋਊ ਦਿਲਬਰ ਦਾ”।