ਮੈਂ ਉਸਨੂੰ ਪਿਆਰ ਕਰਦਾ ਹਾਂ

ਬੜਾ ਸਾਦਾ ਜਿਹਾ ਇਨਸਾਨ ਹੈ
ਇਨਸਾਨ ਹੈ ਐਪਰ
ਉਹ ਮੇਰੀ ਨਜ਼ਰ ਵਿਚ
ਮਾਨੁੱਖਤਾ ਦੀ ਸ਼ਾਨ ਹੈ ਐਪਰ
ਨਾ ਲਾਲਚ ਸੁਰਗ ਦਾ ਉਸਨੂੰ
ਤੇ ਭੈ ਨਰਕਾਂ ਦਾ ਖਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਕਿਸੇ ਵੱਡੇ ਦੀ, ਉਹ ਛੋਟਾ
ਖ਼ੁਸ਼ਾਮਦ ਕਰ ਨਹੀਂ ਸਕਦਾ
ਕਿਸੇ ਮਾੜੇ 'ਤੇ ਧੱਕਾ ਵੇਖ ਹੁੰਦਾ
ਜਰ ਨਹੀਂ ਸਕਦਾ
ਬਿਨਾਂ ਕਾਰਨ, ਕਿਸੇ ਚੰਗੇ ਬੁਰੇ ਦਾ
ਦਿਲ ਦੁਖਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਬੜਾ ਪੱਕਾ ਹੈ ਉਹ
ਕੁਛ ਆਪਣੇ ਮਿਥਵੇਂ ਅਸੂਲਾਂ 'ਤੇ
ਮਗਰ ਸ਼ਰਧਾ ਨਹੀਂ
ਆਪੇ ਬਣੇ ਭੇਖੀ ਰਸੂਲਾਂ 'ਤੇ
ਕਹੇ ਕੋਈ ਲੱਖ ਉਸਨੂੰ
ਇੱਕ ਵੀ ਦਿਲ 'ਤੇ ਲਿਆਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ ਮੰਨਦੈ ਧਰਮ,
ਪਰ ਉਹ ਧਰਮ ਲੋਕਾਂ ਤੋਂ ਨਿਆਰਾ ਏ
ਨਾ ਝਗੜਾ ਵਰ ਸਰਾਪਾਂ ਦਾ
ਤੇ ਨਾ 'ਪੁੰਨਾਂ' ਦਾ ਲਾਰਾ ਏ
ਹੈ ਇੱਕੋ ਅੰਦਰੋਂ ਬਾਹਰੋਂ
ਕਦੇ ਸ਼ਕਲਾਂ ਵਟਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ ਨੇਕੀ ਤੇ ਬਦੀ ਦੋ ਸ਼ਬਦ
ਸੁਣ ਸੁਣ ਕੇ ਨਾ ਘਬਰਾਂਦਾ
ਜੇ ਕੁਛ ਚੰਗਾ ਕਰੇ,
ਲੀਡਰ ਬਣਨ ਲਈ ਸ਼ੋਰ ਨਹੀਂ ਪਾਂਦਾ
ਤੇ ਜੇ ਹੋ ਜੈ ਗੁਨਾਂਹ
ਤਾਂ ਪਰਦਿਆਂ ਦੇ ਵਿਚ ਲੁਕਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਨਾ ਢਾਹ ਕੱਖਾਂ ਦੀਆਂ ਕੁੱਲੀਆਂ
ਧਰਮ ਮੰਦਰ ਬਨਾਂਦਾ ਏ
ਨਾ ਲੀਰਾਂ ਪਾਟੀਆਂ ਧੂਹ ਕੇ
ਚੰਦੋਏ ਈ ਚੜ੍ਹਾਂਦਾ ਏ
ਤੇ ਖੋਹ ਮਜ਼ਦੂਰ ਦੀ ਰੋਟੀ
ਉਹ ਕਿਧਰੇ ਜੱਗ ਲਵਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਉਹ ਬਹੁਤੀ ਫੇਰ ਮਾਲਾ
ਰੱਬ ਨੂੰ ਹੈਰਾਨ ਨਹੀਂ ਕਰਦਾ
ਤੇ ਅਪਣੇ ਭਜਨ ਦੇ ਬਲ
ਕਿਸੇ ਤੋਂ ਤਾਵਾਣ ਨਹੀਂ ਭਰਦਾ
ਉਹ ਆਪਣੀ ਪਾਰਸਾਈ ਦਾ
ਕਿਸੇ 'ਤੇ ਰੁਹਬ ਪਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਸਫ਼ਾਰਸ਼ ਸੁਣ ਕੇ ਬਖ਼ਸ਼ੂ,
ਉਸਨੂੰ ਲਾਈਲੱਗ ਨਹੀਂ ਮੰਨਦਾ
ਉਹ ਉਸਨੂੰ ਇਕ ਧੜੇ ਦਾ
ਰਿਸ਼ਵਤੀ,
ਜਾਂ ਠੱਗ ਨਹੀਂ ਮੰਨਦਾ
ਇਸੇ ਲਈ, ਭੁੱਲ ਕਰਕੇ
ਸੁੱਖਣਾ ਸੁੱਖ, ਬਖ਼ਸ਼ਵਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਨਾ ਉਹ ਸ਼ੈਤਾਨ ਹੈ,
ਨਾ ਦੇਵਤਾ ਬਣ ਕੇ ਵਿਖਾਂਦਾ ਏ
ਕਿੱਤੇ ਘੁੱਟ ਪੀ ਬਹੇ,
ਤਾਂ ਪੀ ਕੇ ਨਾ ਮੰਦਰ 'ਚ ਜਾਂਦਾ ਏ
ਕਹੋ:
ਕਾਫ਼ਰ ਹੈ ਉਹ,
ਪਰ ਭੇਖ ਸੰਤਾਂ ਦਾ ਬਣਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਕਦੇ ਉਹ ਆਪਣੀ ਮਿਹਨਤ ਤੋਂ ਵਧੇਰੇ
ਦਾਤ ਨਹੀਂ ਮੰਗਦਾ
ਤੇ ਆਪਣਾ ਹੱਕ
ਤਾਕਤ ਨਾਲ ਵੀ ਲੈਣੋ ਨਹੀਂ ਸੰਗਦਾ
ਹੈ 'ਸੀਤਲ' ਬੇ-ਨਿਆਜ਼ ਇਤਨਾ
ਕਿਤੇ ਪੱਲਾ ਫੈਲਾਂਦਾ ਨਹੀਂ
ਮੈਂ ਉਸਨੂੰ ਪਿਆਰ ਕਰਦਾ ਹਾਂ

ਮੈਂ ਉਸਨੂੰ ਪਿਆਰ ……