ਜਾ ਨੀ ਪਿੱਛਲ ਪੈਰੀਏ ਸਾਹਿਬਾਂ! ਮਾਣ ਵਧਾਇਆ ਈ ਵੀਰਾਂ ਦਾ

ਜਾ ਨੀ ਪਿੱਛਲ ਪੈਰੀਏ ਸਾਹਿਬਾਂ! ਮਾਣ ਵਧਾਇਆ ਈ ਵੀਰਾਂ ਦਾ
ਮੈਂ ਖ਼ਮਿਆਜ਼ਾ ਭੁਗਤ ਰਹੀ ਆਂ ਤੇਰੇ ਤੋੜੇ ਤੀਰਾਂ ਦਾ

ਕੱਲ੍ਹ ਮੈਂ ਨਕਸ਼ਾ ਵੇਖ ਰਹੀ ਸਾਂ ਹੱਥਾਂ ਵਿਚ ਲਕੀਰਾਂ ਦਾ
ਇੰਜ ਈ ਸਮਝੋ ਜਿਸਰਾਂ ਗੁੱਛਾ ਕਿੱਕਰ ਟੀਗਿਆਂ ਲੀਰਾਂ ਦਾ

ਸ਼ਕਲਾਂ ਉਤੇ ਸ਼ਕਲਾਂ ਚੜ੍ਹੀਆਂ ਜੋ ਦੱਸਦਾ ਏ ਹੁੰਦਾ ਨਹੀਂ
ਮੈਨੂੰ ਪੁੱਛੋ ਵੇਖ ਰਹੀ ਆਂ ਦੂਜਾ ਰੁਖ਼ ਤਸਵੀਰਾਂ ਦਾ

ਆਪਣੇ ਅਮਲੀਂ ਆਪੇ ਮਰਦੇ ਕਰਨੀ ਭਰਨੀ ਹੁੰਦੀ ਏ
ਕਮਲੇ ਝੱਲੇ ਭੋਲੇ ਲੋਕੀਂ ਨਾਂ ਲਾਉਂਦੇ ਤਕਦੀਰਾਂ ਦਾ

ਆਪਣੇ ਦਰ ਦੀ ਬਾਂਦੀ ਸਮਝੀਂ ਮੰਗਤੀ ਸਮਝੀਂ, ਸਮਝੀ ਜਾ
ਇਹ ਵੀ ਸੋਚ ਕਿ ਹੱਥ ਹੁੰਦਾ ਏ, ਮਹਿਲਾਂ ਹੇਠ ਫ਼ਕੀਰਾਂ ਦਾ

ਰਾਂਝੇ ਤਖ਼ਤ ਹਜ਼ਾਰੇ ਬੈਠੇ ਝੰਗ ਮਘਿਆਣੇ ਕੈਦੋ ਨੇਂ
ਖੇੜੇ ਜੰਞਾਂ ਚਾੜ੍ਹੀ ਜਾਵਣ ਅੱਲਾਹ ਈ ਵਾਰਿਸ ਹੀਰਾਂ ਦਾ

ਤਾਹਿਰਾ ਮੈਂ ਤੇ ਲਿਖ ਛੱਡਣੀ ਆਂ ਰਾਮ ਕਹਾਣੀ ਵੇਲੇ ਦੀ
ਭਾਵੇਂ ਅੱਖਾਂ ਲੂਸਣ ਪਈਆਂ ਤੱਕ ਤੱਕ ਮੂੰਹ ਤਿਹਰੀਰਾਂ ਦਾ

ਹਵਾਲਾ: ਸ਼ੀਸ਼ਾ, ਤਾਹਿਰਾ ਸਿਰਾ; ਸਾਂਝ ਲਾਹੌਰ 2018؛ ਸਫ਼ਾ 15 ( ਹਵਾਲਾ ਵੇਖੋ )