ਰੂਪ ਕੋਈ ਜਾਗੀਰ ਨਈਂ ਹੁੰਦੀ

ਰੂਪ ਕੋਈ ਜਾਗੀਰ ਨਈਂ ਹੁੰਦੀ
ਹੀਰ ਵੀ ਇਕ ਦਿਨ ਹੀਰ ਨਈਂ ਹੁੰਦੀ

ਸ਼ੀਸ਼ੇ ਸਾਹਵੇਂ ਮੈਂ ਹੀ ਹੁਨਾਂ
ਵਿਚ ਮੇਰੀ ਤਸਵੀਰ ਨਈਂ ਹੁੰਦੀ

ਸ਼ੁਕਰ ਏ ਪਾਟੇ ਝੱਗੇ ਵਿਚ ਆਂ
ਏਥੇ ਤਨ ਤੇ ਲੀਰ ਨਈਂ ਹੁੰਦੀ

ਬੰਦੇ ਨੂੰ ਕੁਝ ਕਰ ਦਿੰਦੀ ਏ
ਦੌਲਤ ਆਪ ਅਮੀਰ ਨਈਂ ਹੁੰਦੀ

ਲੱਭੋ ਕੌਣ ਏ ਲੁੱਟਣ ਵਾਲਾ
ਜੋ ਵੀ ਏ, ਤਕਦੀਰ ਨਈਂ ਹੁੰਦੀ

ਹਵਾਲਾ: ਹਾਣ ਦੀ ਸੂਲੀ, ਪਹਿਲਾ ਪੈਰ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 59 ( ਹਵਾਲਾ ਵੇਖੋ )