ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ

ਜੁੱਸਿਆਂ ਉੱਤੇ ਨੀਲ ਪਏ ਨੇ, ਰੂਹਾਂ ਅੰਦਰ ਖੱਡੇ
ਮੋਇਆਂ ਦੇ ਦੁੱਖ ਭੁੱਲ ਜਾਂਦੇ ਨੇ, ਧਰਤੀ ਦੇ ਦੁਖ ਵੱਡੇ

ਧਰਮ-ਛੜੀ ਨੇ ਮੇਰੇ ਦੇਸ਼ ਦੀ, ਹਿੱਕ ਤੇ ਲੀਕਰ ਪਾ ਕੇ,
ਸਾਰੇ ਵਸਨੀਕਾਂ ਦੇ ਜੁੱਸੇ, ਲਹੂ ਲਹੂ ਕਰ ਛੱਡੇ

ਇਸ ਦੁਨੀਆਂ ਵਿੱਚ ਦਿਨੇ ਦੁਪਹਿਰੇ, ਅਜਬ ਤਮਾਸ਼ਾ ਹੋਇਆ,
ਘਰ ਦੇ ਮਾਲਕ ਘਰ ਵਿੱਚ ਆ ਕੇ, ਲੋਕਾਂ ਘਰਾਂ 'ਚੋਂ ਕੱਢੇ

ਖ਼ੌਰੇ ਨਜ਼ਰ ਕਿਨ੍ਹਾਂ ਦੀ ਖਾ ਗਈ, ਹਸਦੇ ਵਸਦੇ ਘਰ ਨੂੰ,
ਵਿਹੜੇ ਵਿੱਚ ਖਲੋ ਕੇ ਭਾਈਆਂ, ਭਾਈਆਂ ਦੇ ਗਲ ਵੱਢੇ

ਸੜਦੇ ਬਲਦੇ ਮਾਰੂਥਲ ਵਿੱਚ, ਖ਼ੌਰੇ ਕੀ ਸੀ ਜਾਦੂ,
ਲੋਕਾਂ ਰੇਤ ਚ ਘਰ ਪਾਵਣ ਲਈ, ਮਹਿਲ ਮੁਨਾਰੇ ਛੱਡੇ

ਤਾਰਕ ਸਮੇਂ ਤੋਂ ਬਾਗ਼ੀ ਹੋਇਆ, ਇਹ ਗਲ ਜਾਣਦਾ ਬੁੱਝਦਾ,
ਜਿਹੜੇ ਵੇਲੇ ਦੇ ਨਾਲ ਚੱਲੇ, ਉਹੋ ਸਭ ਤੋਂ ਵੱਡੇ