ਘੁੰਢ ਮੁਖੜੇ ਤੋਂ ਲਾਹ ਓ ਯਾਰ

ਘੁੰਡ ਮੁਖੜੇ ਤੋਂ ਲਾਹ ਓ ਯਾਰ

ਘੁੰਡ ਤੇਰੇ ਨੇ ਅੰਨ੍ਹੇ ਕੀਤੇ, ਕਈ ਫਿਰਦੇ ਨੇ ਚੁੱਪ ਚੁਪੀਤੇ
ਕਿੰਨਿਆਂ ਜ਼ਹਿਰ ਪਿਆਲੇ ਪੀਤੇ, ਕਈਆਂ ਖ਼ੂਨ ਜਿਗਰ ਦੇ ਪੀਤੇ
ਕਈਆਂ ਅਪਣੀ ਖੱਲ ਲੁਹਾਈ, ਕਿੰਨੇ ਚੜ੍ਹੇ ਨੇ ਉੱਤੇ ਦਾਰ

ਘੁੰਡ ਮੁਖੜੇ ਤੋਂ ਲਾਹ ਓ ਯਾਰ

ਚਾਰ ਦੀਵਾਰੀ ਇੱਟਾਂ ਦੀ ਏ, ਬੁਰਜ ਅਟਾਰੀ ਇੱਟਾਂ ਦੀ ਏ
ਖੇਡ ਖਿਡਾਰੀ ਇੱਟਾਂ ਦੀ ਏ, ਸਭ ਉਸਾਰੀ ਇੱਟਾਂ ਦੀ ਏ
ਇੱਟਾਂ ਦੇ ਨਾਲ ਇੱਟ ਖੜੱਕਾ, ਮੈਂ ਮੈਂ ਵਿਚੋਂ ਮੁਕਾ ਓ ਯਾਰ

ਘੁੰਡ ਮੁਖੜੇ ਤੋਂ ਲਾਹ ਓ ਯਾਰ

ਵੇਦ ਕਿਤਾਬਾਂ ਪੜ੍ਹ ਪੜ੍ਹ ਥੱਕਾ, ਕੁਝ ਨਾ ਬਣਿਆਂ ਕੱਚਾ ਪੱਕਾ
ਓੜਕ ਰਹਿ ਗਿਆ ਹੱਕਾ ਬੱਕਾ, ਮੱਕੇ ਗਿਆ ਤੇ ਕੁੱਝ ਨਾ ਮੁੱਕਾ
ਐਵੇਂ ਮੁੱਕ ਮੁਕੱਈਏ ਕਾਹਦੇ, ਮੁੱਕਦੀ ਗੱਲ ਮੁਕਾ ਓ ਯਾਰ

ਘੁੰਡ ਮੁਖੜੇ ਤੋਂ ਲਾਹ ਓ ਯਾਰ

ਮਸਜਿਦ ਮੰਦਰ ਤੇਰੇ ਲਈ ਏ, ਬਾਹਰ ਅੰਦਰ ਤੇਰੇ ਲਈ ਏ
ਦਿਲ-ਏ-ਕਲੰਦਰ ਤੇਰੇ ਲਈ ਏ, ਸਿੱਕ ਇਕ ਅੰਦਰ ਤੇਰੇ ਲਈ ਏ
ਮੇਰੇ ਕੋਲ ਤੇ ਦਿਲ ਈ ਦਿਲ ਏ, ਉਹਦੇ ਵਿਚ ਸਮਾ ਓ ਯਾਰ

ਘੁੰਡ ਮੁਖੜੇ ਤੋਂ ਲਾਹ ਓ ਯਾਰ
ਮੁੱਕਦੀ ਗੱਲ ਮੁਕਾ ਓ ਯਾਰ