ਜ਼ਿੰਦਾਬਾਦ ਓ ਪਾਕਿਸਤਨ

ਜ਼ਿੰਦਾਬਾਦ ਓ ਪਾਕਿਸਤਨ

ਚੀਜੀ ਮੰਗਣ ਬਾਲ ਅੰਞਾਣੇ
ਮੂੰਹ ਵਿਚ ਪਾਂਦੇ ਵੇਖ ਸਿਆਣੇ
ਰੇਡੀਓ ਉੱਤੋਂ ਸੁਣੋ ਕੱਵਾਲੀ
ਅੱਲਾ ਰਾਖਾ ਪੰਜਤਨ ਵਾਲੀ
ਜਿਧਰ ਵੇਖੋ ਸਿਗਰਟ ਪਾਨ
ਜ਼ਿੰਦਾਬਾਦ ਓ ਪਾਕਿਸਤਨ

ਚਰਸ ਅਫ਼ੀਮ ਦੇ ਠੇਕੇ ਖੁੱਲ੍ਹੇ
ਪੀਓ ਖਾਓ ਲੁੱਟੋ ਬੁੱਲ੍ਹੇ
ਪਾਣੀ ਪਾ ਦਿਓ ਆਪਣੇ ਚੁਲ੍ਹੇ
ਸੌਂ ਜਾਓ ਲੈ ਉੱਤੇ ਜੁੱਲੇ
ਜਗਹ ਜਗਹ 'ਤੇ ਛੋਲੇ ਨਾਨ
ਜ਼ਿੰਦਾਬਾਦ ਓ ਪਾਕਿਸਤਨ

ਬੂਹੇ ਬੰਦ ਮਸੀਤਾਂ ਦੇ ਨੇ
ਮੁੱਲਾਂ ਮਾਰੇ ਨੀਤਾਂ ਦੇ ਨੇ
ਝਗੜੇ ਪਏ ਹੋਏ ਰੀਤਾਂ ਦੇ ਨੇ
ਪਾਕਾਂ ਨਾਲ ਪਲੀਤਾਂ ਦੇ ਨੇ
ਡੰਗੋਂ ਡੰਗ ਹੋਏ ਇਨਸਾਨ
ਜ਼ਿੰਦਾਬਾਦ ਓ ਪਾਕਿਸਤਨ

ਸੁੰਨੀਆਂ ਵੱਲੋਂ ਹੋਇਆ ਐਲਾਨ
ਵਹਾਬੀ ਹੋ ਗਿਆ ਕੁੱਲ ਜਹਾਨ
ਕਿਥੇ ਤੁਰ ਗਈ ਅੱਜ ਪਛਾਣ
ਜੋ ਬੋਲੇ ਸੋ ਨਾ ਫ਼ਰਮਾਨ
ਵੱਖਰੋ ਵੱਖਰੀ ਲੱਗੇ ਤਾਨ
ਜ਼ਿੰਦਾਬਾਦ ਓ ਪਾਕਿਸਤਨ

ਸਾਡੇ ਮੁਲਕ ਦੇ ਨੌਜਵਾਨ
ਭੰਗੀ ਚਰਸੀ ਤੇ ਭਲਵਾਨ
ਫ਼ੈਸ਼ਨ ਹੈ ਇਹਨਾਂ ਦੀ ਜਾਨ
ਗੀਤ ਹਿਜਰ ਦੇ ਗਾਉਂਦੇ ਜਾਣ
ਮਿੱਟੀ ਰੋਲਦੇ ਅਪਣੀ ਸ਼ਾਨ
ਜ਼ਿੰਦਾਬਾਦ ਓ ਪਾਕਿਸਤਨ