ਹੀਰ ਵਾਰਿਸ ਸ਼ਾਹ

ਹੀਰ ਆਖਦੀ ਬਾਬਲਾ ਅਮਲੀਆਂ ਤੋਂ

ਹੀਰ ਆਖਦੀ ਬਾਬਲਾ ਅਮਲੀਆਂ ਤੋਂ
ਨਹੀਂ ਅਮਲ ਹਟਾਇਆ ਜਾ ਮੀਆਂ

ਜਿਹੜੀਆਂ ਵਾਦੀਆਂ ਆਦਿ ਦੀਆਂ ਜਾਨ ਨਾਹੀਂ
ਰਾਂਝੇ ਚਾਕ ਤੋਂ ਰਿਹਾ ਨਾ ਜਾ ਮੀਆਂ

ਸ਼ੀਂਹ ਚਿਤਰੇ ਰਹਿਣ ਨਾ ਮਾਸ ਬਾਝੋਂ
ਝੱਟ ਨਾਲ਼ ਉਹ ਰਿਜ਼ਕ ਕਮਾ ਮੀਆਂ

ਇਹ ਰਜ਼ਾ ਤਕਦੀਰ ਹੋ ਰਹੀ ਵਾਰਦ
ਕੌਣ ਹੋਵਨੀ ਦੇ ਹਟਾ ਮੀਆਂ

ਦਾਗ਼ ਅੰਬ ਤੇ ਸਾਰਦਾ ਲਹੇ ਨਾਹੀਂ
ਦਾਗ਼ ਇਸ਼ਕ ਦਾ ਭੀ ਨਾ ਜਾ ਮੀਆਂ

ਮੈਂ ਤਾਂ ਮੰਗ ਦਰਗਾਹ ਥੀਂ ਲਿਆ ਰਾਂਝਾ
ਚਾਕ ਬਖ਼ਸ਼ਿਆ ਆਪ ਖ਼ੁਦਾ ਮੀਆਂ

ਹੋਰ ਸਭ ਗੱਲਾਂ ਮਨਜ਼ੂਰ ਹੋਈਆਂ
ਰਾਂਝੇ ਚਾਕ ਥੀਂ ਰਿਹਾ ਨਾ ਜਾ ਮੀਆਂ

ਇਸ ਇਸ਼ਕ ਦੇ ਰੋਗ ਦੀ ਗੱਲ ਐਵੇਂ
ਸਿਰ ਜਾਏ ਤੇ ਸਿਰ ਨਾ ਜਾਮਿਆਂ

ਵਾਰਿਸ ਸ਼ਾਹ ਮੀਆਂ ਜਿਵੇਂ ਗੰਜ ਸਿਰ ਦਾ
ਬਾਰਾਂ ਬਰਸ ਬਿਨਾਂ ਨਾਹੀਂ ਜਾ ਮੀਆਂ