ਸੁਲਤਾਨ ਭਾਈ ਆਇਆ ਹੀਰ ਸੁਣਦਾ
ਆਖੇ ਮਾਊਂ ਨੂੰ ਧੀਵ ਨੂੰ ਤਾੜ ਅੰਮਾਂ
ਅਸਾਂ ਫੇਰ ਜੇ ਬਾਹਰ ਇਹ ਡਿੱਠੀ
ਸੱਟਾਂ ਉਸ ਨੂੰ ਜਾਣ ਥੀਂ ਮਾਰ ਅੰਮਾਂ
ਤੇਰੇ ਆਖਿਆਂ ਸਤਰ ਜੇ ਬਹੇ
ਨਾਹੀਂ ਫੇਰਾਂ ਉਸ ਦੀ ਧੋਣ ਤਲਵਾਰ ਅੰਮਾਂ
ਚਾਕ ਵੜੇ ਨਾਹੀਂ ਸਾਡੇ ਵਿਚ ਵਿਹੜੇ
ਨਹੀਂ ਡੱਕਰੇ ਕਰਾਂ ਸੌ ਚਾਰ ਅੰਮਾਂ
ਜੇ ਧੀਵ ਨਾ ਹੁਕਮ ਵਿਚ ਰਖਿਆਈ
ਸਭ ਸਾੜ ਸੁਟੋਂ ਘਰ ਬਾਰ ਅੰਮਾਂ
ਵਾਰਿਸ ਸ਼ਾਹ ਜਿਹੜੀ ਧੀਵ ਬੁਰੀ ਹੋਵੇ
ਰੋੜ੍ਹ ਦੀਏ ਸਮੁੰਦਰੋਂ ਪਾਰ ਅੰਮਾਂ