ਹੀਰ ਵਾਰਿਸ ਸ਼ਾਹ

ਸ਼ੌਕ ਨਾਲ਼ ਵਜਾ-ਏ-ਕੇ ਵੰਝਲੀ ਨੂੰ

ਸ਼ੌਕ ਨਾਲ਼ ਵਜਾ-ਏ-ਕੇ ਵੰਝਲੀ ਨੂੰ
ਪੰਜਾਂ ਪੀਰਾਂ ਅੱਗੇ ਖੜ੍ਹਾ ਗਾਉਂਦਾ ਏ

ਕਦੀ ਊਧਵ ਤੇ ਕਾਹਨ ਦੇ ਬਿਸ਼ਨ ਪਦੇ
ਕਦੇ ਮਾਝ ਪਹਾੜੀ ਦੀ ਲਾਉਂਦਾ ਏ

ਕਦੀ ਢੋਲ ਤੇ ਮਾਰੂੰ ਛੂਹ ਦਿੰਦਾ
ਕਦੀ ਬੂਬਨਾ ਚਾਅ ਸੁਣਾਉਂਦਾ ਏ

ਮੁਲਕੀ ਨਾਲ਼ ਜਲਾਲੀ ਨੂੰ ਖ਼ੂਬ ਗਾਵੈ
ਵਿਚ ਝਿਊਰੀ ਦੀ ਕੱਲੀ ਲਾਉਂਦਾ ਏ

ਕਦੀ ਸੋਹਣੀ ਤੇ ਮਹੀਂਵਾਲ ਵਾਲੇ
ਨਾਲ਼ ਸ਼ੌਕ ਦਏ ਸੱਦ ਸੁਣਾਉਂਦਾ ਏ

ਕਦੀ ਧਰੁੱਪਦਾਂ ਨਾਲ਼ ਕਬਿੱਤ ਛੋਹੇ
ਕਦੀ ਸੋਹਲੇ ਨਾਲ਼ ਰਲਾਉਂਦਾ ਏ

ਸਾਰੰਗ ਨਾਲ਼ ਤਲੰਗ ਸ਼ਹਾਨੀਆਂ ਦੇ
ਰਾਗ ਸੂਹੇ ਦਾ ਭੋਗ ਚਾਅ ਪਾਉਂਦਾ ਏ

ਸੋਰਠ ਗਜਰਿਆਂ ਪੂਰਬੀ ਲਲਿਤ ਭੈਰੋਂ
ਦੀਪਕ ਰਾਗ ਦੀ ਜ਼ੈਲ ਵਜਾਉਂਦਾ ਏ

ਟੋਡੀ ਮੇਘ ਮਲ੍ਹਾਰ ਤੇ ਗੋਂਡ ਧੰਨਾ
ਸਿਰੀ ਜੀਤ ਸਿਰੀ ਭੀ ਨਾਲ਼ ਰਲਾਉਂਦਾ ਏ

ਮਾਲ ਸਿਰੀ ਤੇ ਪਰਜ ਬਿਹਾਗ ਬੋਲੇ
ਨਾਲ਼ ਮਾਰਵਾ ਵਿਚ ਵਜਾਉਂਦਾ ਏ

ਕੇਦਾਰਾ ਤੇ ਭਾਗੜਾ ਰਾਗ ਮਾਰੋ
ਨਾਲੇ ਕਾਹਨੜੇ ਦੇ ਸੁਰ ਲਾਉਂਦਾ ਏ

ਕਲਿਆਣ ਦੇ ਨਾਲ਼ ਮਾਲਕਣਸ ਬੋਲੇ
ਅਤੇ ਮੰਗਲਾ ਚਾਰ ਸੁਣਾਵਂਦਾ ਏ

ਭੈਰੋਂ ਨਾਲ਼ ਪਲਾਸੀਆਂ ਭੀਮ ਬੋਲੇ
ਨਟ ਰਾਗ ਦੀ ਜ਼ੈਲ ਵਜਾਉਂਦਾ ਏ

ਬਰੂਆ ਨਾਲ਼ ਪਹਾੜ ਝੰਜੋਟੀਆਂ ਦੇ
ਹੋਰੀ ਨਾਲ਼ ਆਸਾ ਖੜ੍ਹਾ ਗਾਉਂਦਾ ਏ

ਬੋਲੇ ਰਾਗ ਬਸੰਤ ਹਿੰਡੋਲ ਗੋਪੀ
ਮੁੰਦਾਵਣੀ ਦਿਆਂ ਸਰਾਂ ਲਾਓਨਦਾਏ

ਪਲਾਸੀ ਨਾਲ਼ ਤਰਾਨਿਆਂ ਠਾਣਸ ਕੇ ਤੇ
ਵਾਰਿਸ ਸ਼ਾਹ ਨੂੰ ਖੜ੍ਹਾ ਸੁਣਾਵਂਦਾ ਏ