ਹੀਰ ਵਾਰਿਸ ਸ਼ਾਹ

ਰਾਂਝੇ ਆਖਿਆ ਆ ਖਾਂ ਬੈਠ ਹੀਰੇ

ਰਾਂਝੇ ਆਖਿਆ ਆ ਖਾਂ ਬੈਠ ਹੀਰੇ
ਕੋਈ ਖ਼ੂਬ ਤਦਬੀਰ ਬਣਾਈਏ ਨੀ

ਤੇਰੇ ਮਾਂ ਤੇ ਬਾਪ ਦਿਲਗੀਰ ਹੁੰਦੇ
ਕਿਵੇਂ ਉਨ੍ਹਾਂ ਥੋਂ ਬਾਤ ਛਪਾਈਏ ਨੀ

ਮਿੱਠੀ ਨਾਇਣ ਨੂੰ ਸੱਦ ਕੇ ਬਾਤ ਗਿਣੀਏ
ਜੇ ਤੂੰ ਕਹੀਂ ਤੇਰੇ ਘਰ ਆਈਏ ਨੀ

ਮੈਂ ਸਿਆਲਾਂ ਦੇ ਵਿਹੜੇ ਵੜਾਂ ਨਾਹੀਂ
ਸਾਥੇ ਹੀਰ ਨੂੰ ਨਿੱਤ ਪਹੁੰਚਾਈਏ ਨੀ

ਦੇਣਾ ਰਾਤ ਤੇਰੇ ਘਰ ਮੇਲ਼ ਸਾਡਾ
ਸਾਡੇ ਸਿਰੀਂ ਅਹਿਸਾਨ ਚੜ੍ਹਾਈਏ ਨੀ

ਹੀਰ ਪੰਜ ਮੁਹਰਾਂ ਹੱਥ ਦਿੱਤੀਆਂ ਨੇਂ
ਜਿਵੇਂ ਮਠੀਏ ਡੋਲ ਪਕਾਈਏ ਨੀ

ਕੁੜੀਆਂ ਨਾਲ਼ ਨਾ ਖੋਲ੍ਹਣਾ ਭੇਤ ਮੂਲੇ
ਸਭਾ ਜੀਵ ਦੇ ਵਿਚ ਲੁਕਾਈਏ ਨੀ

ਵਾਰਿਸ ਸ਼ਾਹ ਛਪਾਈਏ ਖ਼ਲਕ ਕੋਲੋਂ
ਭਾਵੇਂ ਅਪਣਾ ਹੀ ਗੁੜ ਖਾਈਏ ਨੀ