ਹੀਰ ਵਾਰਿਸ ਸ਼ਾਹ

ਫੁੱਲੇ ਕੋਲ਼ ਜਿੱਥੇ ਮੰਗੂ ਬੈਠਦਾ ਸੀ

ਫੁੱਲੇ ਕੋਲ਼ ਜਿੱਥੇ ਮੰਗੂ ਬੈਠਦਾ ਸੀ
ਓਥੇ ਕੋਲ਼ ਹੀਇਸੀ ਘਰ ਨਾਈਆਂ ਦਾ

ਮਿੱਠੀ ਨਾਇਣ ਘਰਾਂ ਸੁਣਦੀ ਖ਼ਸਮਨੀ ਸੀ
ਨਾਈ ਕੰਮ ਕਰਦੇ ਫਿਰਨ ਸਾਈਆਂ ਦਾ

ਘਰ ਨਾਈਆਂ ਦੇ ਹੁਕਮ ਰਾਂਝਣੇ ਦਾ
ਜਿਵੇਂ ਸਾਹੁਰੇ ਘਰੀਂ ਜਵਾਈਆਂ ਦਾ

ਚਾਣ ਭਾਣ ਮਿੱਠੀ ਫਿਰਨ ਵਾਲਿਆਂ ਦੀ,
ਬਾਰਾ ਖੁਲਦਾ ਲੀਫ਼ ਤਲਾਈਆਂ ਦਾ

ਮਿੱਠੀ ਸੇਜ ਵਿਛਾਈ ਕੇ ਫ਼ਲ ਪੂਰੇ
ਅਤੇ ਆਉਂਦਾ ਕਦਮ ਖ਼ੁਦਾਈਆਂ ਦਾ

ਦੋਵੇਂ ਹੀਰ ਰਾਂਝਾ ਰਾਤੀਂ ਕਰਨ ਮੌਜਾਂ
ਖੜ੍ਹੀਆਂ ਖਾਣ ਮੱਝੀਂ ਸਿਰ ਸਾਈਆਂ ਦਾ

ਘੜੀ ਰਾਤ ਰਹਿੰਦੇ ਘਰੀਂ ਹੀਰ ਜਾਏ
ਰਾਂਝਾ ਭਾਤ ਪੁੱਛਦਾ ਫਿਰੇ ਧਾਈਆਂ ਦਾ

ਆਪੋ ਆਪਣੀ ਕਾਰ ਵਿਚ ਜਾ ਰਿਜਨ
ਬੂਹਾ ਫੇਰ ਨਾ ਵੇਖਦੇ ਨਾਈਆਂ ਦਾ