ਹੀਰ ਵਾਰਿਸ ਸ਼ਾਹ

ਝਿੰਗੜ ਡੂਮ ਤੇ ਫ਼ੱਤੂ ਕਲਾਲ ਦੌੜੇ

ਝਿੰਗੜ ਡੂਮ ਤੇ ਫ਼ੱਤੂ ਕਲਾਲ ਦੌੜੇ
ਬੇਲਾ ਚੂਹੜਾ ਤੇ ਝੰਡੀ ਚਾਕ ਮੀਆਂ

ਜਾ ਹੀਰ ਅੱਗੇ ਧੁੰਮ ਘੱਤਿਆ ਨੇਂ
ਬੱਚਾ ਕਹੀ ਉਡਾਈ ਆ ਖ਼ਾਕ ਮੀਆਂ

ਤੇਰੀ ਮਾਊਂ ਤੇਰੇ ਅਤੇ ਬਹੁਤ ਗ਼ੁੱਸੇ
ਜਾਨੋਂ ਮਾਰ ਦੇਸੀ ਚੂਚਕ ਬਾਪ ਮੀਆਂ

ਰਾਂਝਾ ਜਾਹ ਤੇਰੇ ਸਿਰ ਆਨ ਬਣੀਆਂ
ਨਾਲੇ ਆਖਦੇ ਮਾਰਏ ਚਾਕ ਮੀਆਂ

ਸਿਆਲ਼ ਘੇਰ ਨਗਰ ਪੌਣ ਕਦ ਤੈਨੂੰ
ਗੁਣੀਂ ਆਪ ਨੂੰ ਬਹੁਤ ਚਾਲਾਕ ਮੀਆਂ

ਤੋਤਾ ਅੰਬ ਦੀ ਡਾਲ਼ ਤੇ ਕਰੇ ਮੌਜਾਂ
ਤੇ ਗਲੁਯਲੜਾ ਪੋਸ ਪਟਾਕ ਮੀਆਂ

ਅੱਜ ਸਿਆਲਾਂ ਨੇ ਚੁਲਹੀਂ ਨਾ ਅੱਗ ਘ੍ਘੱਤੀ
ਸਾਰੂ ਕੋੜਮਾ ਬਹੁਤ ਗ਼ਮਨਾਕ ਮੀਆਂ

ਵਾਰਿਸ ਸ਼ਾਹ ਯਤੀਮ ਦੇ ਮਾਰਨੇ ਨੂੰ
ਸਭਾ ਜੁੜੀ ਚਿਨ੍ਹਾਂ ਦੀ ਧਾਕ ਮੀਆਂ