ਹੀਰ ਵਾਰਿਸ ਸ਼ਾਹ

ਪਰ੍ਹੇ ਵਿਚ ਬੇ ਗ਼ੈਰਤੀ ਕੱਲ੍ਹ ਹੋਈ

ਪਰ੍ਹੇ ਵਿਚ ਬੇ ਗ਼ੈਰਤੀ ਕੱਲ੍ਹ ਹੋਈ
ਚੋਭ ਵਿਚ ਕਲੇਜੇ ਦੇ ਚਸਕਦੀ ਏ

ਬੇਸ਼ਰਮ ਹੈ ਟੱਪ ਕੇ ਸਿਰੇ ਚੜ੍ਹਦਾ
ਭਲੇ ਆਦਮੀ ਦੀ ਜਾਨ ਧਸਕਦੀ ਏ

ਚੂਚਕ ਘੋੜੇ ਤੇ ਤੁਰਤ ਅਸਵਾਰ ਹੋਇਆ
ਹੱਥ ਸਾਂਗ ਜਿਉਂ ਬਿਜਲੀ ਲਿਸ਼ਕਦੀ ਏ

ਸਨਬ ਘੋੜੇ ਦੇ ਕਾੜ ਹੀ ਕਾੜ ਵੱਜਣ
ਹੀਰ ਸੁਣਦਿਆਂ ਰਾਂਝੇ ਥੋਂ ਖਿਸਕਦੀ ਏ

ਅੱਠ ਰਾਂਝਿਆ ਬਾਬਲ ਆਓ ਨਦਾਈ
ਨਾਲੇ ਗੱਲ ਕਰਦੀ ਨਾਲੇ ਰਸ਼ਕਦੀ ਏ

ਮੈਨੂੰ ਛੱਡ ਸਹੇਲੀਆਂ ਨੱਸ ਗਿਆਂ
ਮੁੱਕਰ ਨਾਲ਼ ਹੌਲੀ ਹੌਲੀ ਬਸਕਦੀ ਏ

ਵਾਰਿਸ ਸ਼ਾਹ ਜਿਉਂ ਮੋਰਚੇ ਬੈਠ ਬੱਲੀ
ਸਾਹ ਘੱਟ ਜਾਂਦੀ ਨਾਹੀਂ ਕੁਸਕਦੀ ਏ