ਹੀਰ ਵਾਰਿਸ ਸ਼ਾਹ

ਕਰੀਂ ਆਕੜਾਂ ਖਾਏ ਕੇ ਦੁੱਧ ਚਾਵਲ

ਕਰੀਂ ਆਕੜਾਂ ਖਾਏ ਕੇ ਦੁੱਧ ਚਾਵਲ
ਇਹ ਰੱਜ ਕੇ ਖਾਣ ਦੀਆਂ ਮਸਤੀਆਂ ਨੇਂ

ਆਖਣ ਦੇਵਰੇ ਨਾਲ਼ ਨਿਹਾਲ ਹੋਈਆਂ
ਸਾਨੂੰ ਸਭ ਸ਼ਰੀਕਣੀਆਂ ਹੱਸਦਿਆਂ ਨੇਂ

ਇਹ ਰਾਂਝੇ ਦੇ ਨਾਲ਼ ਹਨ ਘਿਓ ਸ਼ੁਕਰ
ਪਰ ਜੀਵ ਦਾ ਭੇਦ ਨਾ ਦੱਸਦਿਆਂ ਨੇਂ

ਰੰਨਾਂ ਡਿਗਦੀਆਂ ਵੇਖ ਕੇ ਛਿੱਲ ਮੁੰਡਾ
ਜਿਵੇਂ ਸ਼ਹਿਦ ਵਿਚ ਮੁਖੀਆਂ ਫਸਦੀਆਂ ਨੇਂ

ਇਕ ਤੋਂ ਕਲੰਕ ਹੈਂ ਅਸਾਂ ਲੱਗਾ,
ਹੋਰ ਸਭ ਸੁਖਾਲੀਆਂ ਵਸਦੀਆਂ ਨੇਂ

ਘਰੋਂ ਨਿਕਲੇਂ ਤੇ ਪਿਆ ਮਰੇਂ ਭੁੱਖਾ,
ਵਾਰਿਸ ਭੁੱਲ ਜਾਵਣ ਖ਼ਰਮਸਤੀਆਂ ਨੇਂ