ਹੀਰ ਵਾਰਿਸ ਸ਼ਾਹ

ਰਲ਼ ਹੀਰ ਥੇ ਆਈਆਂ ਫੇਰ ਸਭੇ

ਰਲ਼ ਹੀਰ ਥੇ ਆਈਆਂ ਫੇਰ ਸਭੇ
ਰਾਂਝੇ ਯਾਰ ਤੇਰੇ ਸਾਨੂੰ ਘੱਲਿਆ ਈ

ਸੋਟਾ ਵੰਝਲੀ ਕੰਬਲੀ ਸੁੱਟ ਕੇ ਤੇ
ਛੱਡ ਦੇਸ ਪ੍ਰਦੇਸ ਨੂੰ ਚਲਿਆ ਈ

ਜੇ ਤੂੰ ਅੰਤ ਉਹਨੂੰ ਪਿੱਛਾ ਦੇਵਣਾ ਸੀ
ਇਸ ਦਾ ਕਾਲ਼ਜਾ ਕਾਸਨੂੰ ਸੱਲਿਆ ਈ

ਅਸਾਂ ਇਤਨੀ ਗੱਲ ਮਲੂਮ ਕੀਤੀ
ਤੇਰਾ ਨਿਕਲ਼ ਈਮਾਨ ਹੁਣ ਚਲਿਆ ਈ

ਬੇਸਿਦਕ ਹੋਈ ਐਂ ਸਿਦਕ ਹਾਰੀਵਈ
ਤੇਰਾ ਸਿਦਕ ਈਮਾਨ ਹਨ ਹੁਲੀਆ ਈ

ਉਹਦਾ ਵੇਖ ਕੇ ਹਾਲ ਅਹਿਵਾਲ ਸਾਰਾ
ਸਾਡਾ ਰੋਂਦੀਆਂ ਨੀਰ ਨਾ ਠੱਲਿਆ ਈ

ਹਾਏ ਹਾਏ ਮਿੱਠੀ ਫਿਰੇ ਨੇਕ ਨੀਤੀ
ਉਹਨੂੰ ਸਿੱਖਣਾ ਕਾਸਨੂੰ ਘੱਲਿਆ ਈ

ਨਿਰਾਸ ਦੀ ਰਾਸ ਲੈ ਇਸ਼ਕ ਕੋਲੋਂ
ਸਕਲਾਤ ਦੇ ਬਿਆਂ ਨੂੰ ਚਲਿਆ ਈ

ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁਥਾ
ਅਰਸ਼ ਰੱਬ ਦਾ ਤਦੋਂ ਤੁਰ ਥਲਿਆ ਈ