ਹੀਰ ਵਾਰਿਸ ਸ਼ਾਹ

ਸਾਕ ਮਾੜੀਆਂ ਦੇ ਖੋਹ ਲੇਨ ਡਾਹਢੇ

ਸਾਕ ਮਾੜੀਆਂ ਦੇ ਖੋਹ ਲੇਨ ਡਾਹਢੇ
ਅਣ ਪੁੱਜਦੇ ਉਹ ਨਾ ਬੋਲਦੇ ਨੇਂ

ਨਹੀਂ ਚਲਦਾ ਵੱਸ ਲਾਚਾਰ ਹੋ ਕੇ ਮੋਏ
ਸੱਪ ਵਾਂਗੂੰ ਬੱਸ ਘੋਲਦੇ ਨੇਂ

ਕਦੀ ਆਖਦੇ ਮਾਰਈਏ ਆਪ ਮਰੀਏ
ਪਏ ਅੰਦਰੋਂ ਬਾਹਰੋਂ ਡੋਲਦੇ ਨੇਂ

ਗੁਣ ਮਾੜੀਆਂ ਦੇ ਸਭੇ ਰੈਹਣ ਵਿਚੇ
ਮਾੜੇ ਮਾੜੀਆਂ ਥੇ ਦੁੱਖ ਫੋਲਦੇ ਨੇਂ

ਸ਼ਾਨਦਾਰ ਨੂੰ ਕਰੇ ਨਾ ਕੋਈ ਝੂਠਾ
ਕੰਗਾਲ ਝੂਠਾ ਕਰ ਟੋਲਦੇ ਨੇਂ

ਵਾਰਿਸ ਸ਼ਾਹ ਲੁਟਾਉਂਦੇ ਖੜੇ ਮਾੜੇ ਮਾਰੇ
ਖ਼ੌਫ਼ ਦੇ ਮੂੰਹੋਂ ਨਾ ਬੋਲਦੇ ਨੇਂ