ਹੀਰ ਵਾਰਿਸ ਸ਼ਾਹ

ਸੁਰਮੇ ਦਾਣਿਆਂ ਥਾਲੀਆਂ ਥਾਲ ਛੰਨੇ

ਸੁਰਮੇ ਦਾਣਿਆਂ ਥਾਲੀਆਂ ਥਾਲ ਛੰਨੇ
ਲੋਹ ਕੜਛ ਨੇਂ ਨਾਲ਼ ਕੜਾਹੀਆਂ ਦੇ

ਕੋਲ਼ ਨਾਲ਼ ਬਹੁਗੁਣੇ ਸਨ ਤਬਲ ਬਾਜ਼ਾਂ
ਕਾਬ ਉਤੇ ਪਰਾਤ ਪਰਵਾਹੀਆਂ ਦੇ

ਚਮਚੇ ਬੇਲਵੇ ਦਿਵਾਨੀ ਦੇਗਚੇ ਭੀ
ਨਾਲ਼ ਖੂਹ ਨੱਚੇ ਤਾਸ ਬਾਦਸ਼ਾਹੀਆਂ ਦੇ

ਪੱਟ ਅਤੇ ਪਟੀਹੜਾਂ ਦਾਜ ਰੁੱਤੇ
ਜਿਗਰ ਪਾਟ ਗਏ ਵੇਖ ਰਾਹੀਆਂ ਦੇ

ਘੁਮਿਆਰਾਂ ਨੇ ਮੱਟਾਂ ਦੇ ਢੇਰ ਲਾਏ
ਢਕੇ ਬਹੁਤ ਬਾਲਣ ਨਾਲ਼ ਕਾਹੀਆਂ ਦੇ

ਦੇਗਾਂ ਖਿੱਚਦੇ ਘੱਤ ਜ਼ੰਜ਼ੀਰ ਰੱਸੇ
ਤੋਪਾਂ ਖਿੱਚਦੇ ਕਟਕ ਬਾਦਸ਼ਾਹੀਆਂ ਦੇ

ਵਾਰਿਸ ਸ਼ਾਹ ਮੀਆਂ ਚਾ ਵਿਆਹ ਦਾ ਸੀ
ਸੰਜੇ ਫਿਰਨ ਖੰਧੇ ਮੰਗੂ ਮਾਹੀਆਂ ਦੇ